ਗੋਦਾਮਾਂ ’ਚ ਥਾਂ ਦੀ ਘਾਟ ਕਾਰਨ ਸ਼ੈਲਰ ਉਦਯੋਗ ਆਰਥਿਕ ਸੰਕਟ ਹੇਠ
ਨਵੇਂ ਸੀਜ਼ਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ
ਮਾਛੀਵਾੜਾ ਸਾਹਿਬ, 15 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਦੇ ਅਨਾਜ ਭੰਡਾਰ ਵਾਲੇ ਗੋਦਾਮ ਨੂੜੇ ਪਏ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਅਨਾਜ ਦੀ ਲਿਫਟਿੰਗ ਨਾ ਕੀਤੇ ਜਾਣ ਕਾਰਨ ਸੂਬੇ ਦਾ ਸ਼ੈਲਰ ਉਦਯੋਗ ਵੱਡੇ ਆਰਥਿਕ ਘਾਟੇ ਵੱਲ ਧੱਕਿਆ ਗਿਆ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਸ਼ੈਲਰ ਮਾਲਕਾਂ ਕੋਲ ਪਿਛਲੇ ਸਾਲ ਦੀ ਪਿੜਾਈ ਦਾ ਤਿਆਰ ਚਾਵਲ ਸਟੋਰ ਕਰਨ ਲਈ ਜਗਾ ਤੱਕ ਨਹੀਂ ਬਚੀ, ਜਦਕਿ ਦੂਜੇ ਪਾਸੇ ਮੰਡੀਆਂ ’ਚ ਨਵੇਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ।
ਮਾਛੀਵਾੜਾ ਸਾਹਿਬ, 15 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਦੇ ਅਨਾਜ ਭੰਡਾਰ ਵਾਲੇ ਗੋਦਾਮ ਨੂੜੇ ਪਏ ਹੋਣ ਅਤੇ ਕੇਂਦਰ ਸਰਕਾਰ ਵੱਲੋਂ ਸਮੇਂ ਸਿਰ ਅਨਾਜ ਦੀ ਲਿਫਟਿੰਗ ਨਾ ਕੀਤੇ ਜਾਣ ਕਾਰਨ ਸੂਬੇ ਦਾ ਸ਼ੈਲਰ ਉਦਯੋਗ ਵੱਡੇ ਆਰਥਿਕ ਘਾਟੇ ਵੱਲ ਧੱਕਿਆ ਗਿਆ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਸ਼ੈਲਰ ਮਾਲਕਾਂ ਕੋਲ ਪਿਛਲੇ ਸਾਲ ਦੀ ਪਿੜਾਈ ਦਾ ਤਿਆਰ ਚਾਵਲ ਸਟੋਰ ਕਰਨ ਲਈ ਜਗਾ ਤੱਕ ਨਹੀਂ ਬਚੀ, ਜਦਕਿ ਦੂਜੇ ਪਾਸੇ ਮੰਡੀਆਂ ’ਚ ਨਵੇਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਮਾਛੀਵਾੜਾ ਖੇਤਰ ਵਿਚ ਕਰੀਬ 1.50 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੁੰਦੀ ਹੈ, ਜਿਸ ਤੋਂ ਸ਼ੈਲਰਾਂ ’ਚ ਪਿੜਾਈ ਤੋਂ ਬਾਅਦ ਲਗਭਗ 64 ਹਜ਼ਾਰ ਮੀਟ੍ਰਿਕ ਟਨ ਚਾਵਲ ਤਿਆਰ ਹੁੰਦਾ ਹੈ। ਆਮ ਤੌਰ ’ਤੇ ਸ਼ੈਲਰ ਮਾਲਕ 31 ਮਾਰਚ ਤੱਕ ਪਿੜਾਈ ਦਾ ਕੰਮ ਨਿਪਟਾ ਕੇ ਚਾਵਲ ਗੋਦਾਮਾਂ ਵਿੱਚ ਲਗਾ ਦਿੰਦੇ ਸਨ। ਪਰ ਸ਼ੈਲਰ ਉਦਯੋਗ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 30 ਸਤੰਬਰ ਦੀ ਆਖਰੀ ਮਿਤੀ ਨੇੜੇ ਆਉਣ ਦੇ ਬਾਵਜੂਦ ਗੋਦਾਮਾਂ ਵਿੱਚ ਜਗਾ ਨਾ ਹੋਣ ਕਰਕੇ ਪਿਛਲਾ ਸਟਾਕ ਅਜੇ ਤੱਕ ਬਕਾਇਆ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਵਿਖੇ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਕੋਲ 66 ਹਜ਼ਾਰ ਮੀਟ੍ਰਿਕ ਟਨ ਅਨਾਜ ਸਟੋਰ ਕਰਨ ਦੀ ਸਮਰੱਥਾ ਹੈ, ਪਰ ਇੱਥੇ ਅਜੇ ਵੀ ਪੁਰਾਣੇ ਸੀਜ਼ਨ ਦਾ 7,702 ਮੀਟ੍ਰਿਕ ਟਨ ਅਨਾਜ ਬਿਨਾਂ ਲਿਫਟਿੰਗ ਦੇ ਪਿਆ ਹੈ। ਇਸ ਕਾਰਨ ਨਵੇਂ ਸੀਜ਼ਨ ਦਾ 7,627 ਮੀਟ੍ਰਿਕ ਟਨ ਤਿਆਰ ਚਾਵਲ ਗੋਦਾਮਾਂ ਵਿੱਚ ਜਗਾ ਨਾ ਮਿਲਣ ਕਰਕੇ ਸ਼ੈਲਰਾਂ ਦੇ ਅੰਦਰ ਹੀ ਅਟਕਿਆ ਹੋਇਆ ਹੈ। ਜੇਕਰ ਸ਼ੈਲਰ ਮਾਲਕਾਂ ਨੇ ਮੰਡੀਆਂ ’ਚੋਂ ਨਵਾਂ ਝੋਨਾ ਚੁੱਕਣ ਤੋਂ ਅਸਮਰੱਥਾ ਜਤਾਈ ਤਾਂ ਇਸ ਦਾ ਸਿੱਧਾ ਅਸਰ ਕਿਸਾਨਾਂ ਅਤੇ ਆੜ੍ਹਤੀਆਂ ’ਤੇ ਪਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਡੀਆਂ ਵਿੱਚ ਆਈ ਫਸਲ ਨੂੰ ਸੁਚਾਰੂ ਢੰਗ ਨਾਲ ਵਿਕਵਾਉਣਾ ਅਤੇ ਸ਼ੈਲਰਾਂ ਤੱਕ ਪਹੁੰਚਾਉਣਾ ਸੱਤਾਧਾਰੀ ਸਰਕਾਰ ਲਈ ਵੀ ਇੱਕ ਵੱਡੀ ਚੁਣੌਤੀ ਬਣੇਗਾ। ਗੋਦਾਮਾਂ ’ਚ ਜਗ੍ਹਾ ਨਾ ਮਿਲੀ ਤਾਂ ਨਵੇਂ ਝੋਨੇ ਦੀ ਪਿੜਾਈ ਨਹੀਂ ਕਰਾਂਗੇ-ਸ਼ੈਲਰ ਐਸੋਸੀਏਸ਼ਨ: ਸ਼ੈਲਰ ਐਸੋਸੀਏਸ਼ਨ ਦੇ ਚੇਅਰਮੈਨ ਹੁਸਨ ਲਾਲ ਮੜਕਨ ਅਤੇ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਰਕੇ ਪਿੜਾਈ ਦਾ ਕੰਮ ਮਹੀਨਿਆਂ ਤੋਂ ਲਟਕ ਰਿਹਾ ਹੈ। ਫਸਲ ਸ਼ੈਲਰਾਂ ’ਚ ਪਈ ਰਹਿਣ ਕਾਰਨ ਝੋਨੇ ਦਾ ਵਜ਼ਨ ਘੱਟ ਗਿਆ ਹੈ, ਟੋਟੇ ਦੀ ਸਮੱਸਿਆ ਵਧੀ ਹੈ ਅਤੇ ਬਿਜਲੀ ਦੇ ਬਿੱਲਾਂ ਤੇ ਲੇਬਰ ਦਾ ਵਾਧੂ ਬੋਝ ਸ਼ੈਲਰ ਮਾਲਕਾਂ ’ਤੇ ਪਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀਆਂ ਵਿੱਚ ਨਵੇਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਜੇਕਰ ਸਰਕਾਰ ਨੇ ਗੋਦਾਮਾਂ ਵਿੱਚ ਜਗਾ ਯਕੀਨੀ ਨਾ ਬਣਾਈ ਤਾਂ ਉਹ ਨਵਾਂ ਝੋਨਾ ਪਿੜਾਈ ਲਈ ਨਹੀਂ ਚੁੱਕਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਨਾਲ ਰਾਬਤਾ ਕਾਇਮ ਕਰਕੇ ਤੁਰੰਤ ਪੁਰਾਣੇ ਅਨਾਜ ਦੀ ਚੁਕਾਈ ਕਰਵਾਈ ਜਾਵੇ। :ਕੇਂਦਰ ਦੀਆਂ ਨੀਤੀਆਂ ਦਾ ਖਾਮਿਆਜ਼ਾ ਭੁਗਤ ਰਹੇ ਹਨ ਕਿਸਾਨ ਤੇ ਆੜ੍ਹਤੀ-ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਅਤੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਦੀਆਂ ਕਿਸਾਨ ਤੇ ਵਪਾਰੀ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਅਨਾਜ ਦੀ ਪਹਿਲ ਦੇ ਆਧਾਰ ’ਤੇ ਲਿਫਟਿੰਗ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਪੁਰਾਣਾ ਮਾਲ ਨਾ ਚੁੱਕੇ ਜਾਣ ਕਰਕੇ ਜਿੱਥੇ ਸ਼ੈਲਰ ਉਦਯੋਗ ਤਬਾਹੀ ਦੇ ਕੰਢੇ ਹੈ, ਉੱਥੇ ਹੀ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨ ਅਤੇ ਆੜ੍ਹਤੀ ਵੀ ਰੁਲਣ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਮਾਛੀਵਾੜਾ ਦੇ ਗੋਦਾਮਾਂ ’ਚੋਂ ਪੁਰਾਣੇ ਸਟਾਕ ਦੀ ਤੁਰੰਤ ਚੁਕਾਈ ਕੀਤੀ ਜਾਵੇ ਤਾਂ ਜੋ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਸਕੇ।