ਬੀਜਾ, 14 ਜੁਲਾਈ (ਕਸ਼ਮੀਰਾ ਸਿੰਘ ਬਗਲੀ)-ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਦੀ ਅਗਵਾਈ ਅਤੇ ਰਜਿੰਦਰ ਕੌਰ ਦੀ ਦੇਖ ਰੇਖ ਹੇਠ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਭੂਗੋਲ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਧਰਤੀ ਦੀ ਅੰਦਰੂਨੀ ਬਣਤਰ, ਜੁਆਲਾਮੁਖੀ, ਭੂਚਾਲ, ਪਹਾੜਾਂ ਦੀ ਬਣਤਰ, ਜਲ ਚੱਕਰ, ਦਰਿਆਈ ਪ੍ਰਣਾਲੀ, ਵਾਤਾਵਰਨ ਸੰਭਾਲ, ਕੁਦਰਤੀ ਸਰੋਤ, ਜੰਗਲਾਂ ਦੀ ਮਹੱਤਤਾ, ਮੌਸਮੀ ਤਬਦੀਲੀ, ਪ੍ਰਦੂਸ਼ਣ ਅਤੇ ਧਰਤੀ ਦੇ ਭੌਤਿਕ ਸਰੂਪ ਵਰਗੇ ਵਿਸ਼ਿਆਂ ’ਤੇ ਆਧਾਰਿਤ ਮਾਡਲ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਨੇ ਆਪਣੇ-ਆਪਣੇ ਮਾਡਲਾਂ ਦੀ ਕਾਰਜ-ਪ੍ਰਣਾਲੀ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਿਸ ਨੂੰ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਸਰਾਹਿਆ। ਪ੍ਰਿੰ. ਗੁਰਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਖੋਜੀ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਆਤਮ-ਵਿਸ਼ਵਾਸ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗਾਤਮਿਕ ਸਿੱਖਿਆ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ, ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਉਚੇਚੇ ਤੌਰ ਤੇ ਪੁੱਜੇ, ਤੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਰਚਨਾਤਮਿਕ, ਗਿਆਨਵਰਧਕ ਅਤੇ ਵਿਵਹਾਰਿਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।