ਬੀਜਾ, 31 ਮਾਰਚ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਦੈਹਿੜੂ ਵਿਖੇ ਅਣਪਛਾਤੇ ਚੋਰਾਂ ਵਲੋਂ ਕਿਸਾਨਾਂ ਦੀਆਂ ਚਾਰ ਮੋਟਰਾਂ ਤੋਂ ਬਿਜਲੀ ਦੀਆਂ ਮੋਟੀਆਂ ਤਾਰਾਂ ਚੋਰੀ ਕਰਕੇ ਹੱਲਾ ਬੋਲਿਆ ਗਿਆ | ਇਸ ਸਬੰਧੀ ਪਿੰਡ ਦੈਹਿੜੂ ਦੇ ਨਾਮਵਰ ਕਿਸਾਨ ਅਤੇ ਰਾਓ ਡੇਅਰੀ ਫਾਰਮ ਦੇ ਮਾਲਕ ਰਜਿੰਦਰ ਪਾਲ ਸਿੰਘ ਰਾਓ, ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਪਾਲ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ, ਰਾਜਵੀਰ ਸਿੰਘ ਆਦਿ ਨੇ ਦੱਸਿਆ ਕਿ ਰੇਲਵੇ ਲਾਈਨਾਂ ਦੇ ਨਾਲ ਲੱਗਦੀਆਂ ਚਾਰ ਮੋਟਰਾਂ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਇਆ ਗਿਆ | ਸਾਡੀਆਂ ਚਾਰ ਮੋਟਰਾਂ ਦੇ ਦਰਵਾਜੇ ਟੁੱਟੇ ਹੋਏ ਸਨ | ਅਤੇ ਮੋਟਰਾਂ ਦੇ ਸਟਾਰਟਰਾਂ ਸਮੇਤ ਬਿਜਲੀ ਦੀਆਂ ਤਾਰਾਂ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਇਸ ਚੋਰੀ ਨਾਲ ਕਿਸਾਨਾਂ ਦਾ ਇਕ ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਚੁੱਕਿਆ ਹੈ | ਇਹਨਾਂ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਇਹੀ ਚਾਰ ਮੋਟਰਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਪਿਛਲੀ 7 ਜਨਵਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਸ ਸਮੇਂ ਵੀ ਇਹਨਾਂ ਅਣਪਛਾਤੇ ਚੋਰਾਂ ਵੱਲੋਂ ਇਹਨਾਂ ਮੋਟਰਾਂ ਦਾ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਸੀ | ਦੱਸਣ ਯੋਗ ਹੈ ਕਿ ਕਿਸਾਨ ਪਰਮਜੀਤ ਸਿੰਘ ਪੰਮਾ ਦੀ ਮੋਟਰ ਦਾ ਮੇਨ ਲੱਕੜ ਦਾ ਦਰਵਾਜ਼ਾ ਤੋੜ ਕੇ ਚੋਰਾਂ ਵੱਲੋਂ ਮੋਟਰ ਦੇ ਕੋਠੇ ਅੰਦਰ ਹੀ ਜੜਾ ਦਿੱਤਾ ਜੋ ਕਿ ਤਾਰਾ ਚੋਰੀ ਕੀਤੀਆਂ ਹਨ ਉਸ ਨੂੰ ਵੀ ਜਾਲ ਕੇ ਉਸ ਵਿਚੋਂ ਤਾਂਬਾ ਕੱਢਿਆ ਗਿਆ | ਇਸ ਮੋਟਰਾਂ ਦੇ ਕੋਠੇ ਵਿੱਚ ਚੋਰਾਂ ਵੱਲੋਂ ਲਗਾਈ ਅੱਗ ਕਾਰਨ ਹੋਰ ਵੀ ਕਾਫੀ ਸਮਾਨ ਸੜ ਕੇ ਸਵਾਹ ਹੋ ਗਿਆ | ਉਸ ਸਮੇਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਖਾਨਾ ਪੂਰਤੀ ਹੀ ਕੀਤੀ ਗਈ | ਇਹਨਾਂ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀ ਹੋਏ ਸਮਾਨ ਸਬੰਧੀ ਜਲਦ ਹੀ ਖੰਨਾ ਦੀ ਐਸ. ਐਸ. ਪੀ. ਦਰਪਣ ਆਹਲੂਵਾਲੀਆਂ ਅਤੇ ਸਬੰਧਿਤ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕੇਬਲਾਂ ਚੋਰੀ ਹੋਣ ਸਬੰਧੀ ਸਾਨੂੰ ਉਸ ਸਮੇਂ ਪਤਾ ਲੱਗਾ ਜਦੋਂ ਅਸੀਂ ਸਵੇਰ ਸਮੇਂ ਖੇਤ ਵਿੱਚ ਹਰਾ ਚਾਰਾ ਲੈਣ ਲਈ ਆਏ | ਉਨ੍ਹਾਂ ਕਿਹਾ ਕਿ ਖੇਤਾਂ ਅੰਦਰ ਚੋਰੀ ਦੀਆਂ ਘਟਨਾਵਾਂ ਵਧਣ ਕਰਕੇ ਕਿਸਾਨਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ |