• ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਨੇ ਬੱਗਾ ਸਿੰਘ ਨੂੰ ਗਲੇ ਤੋਂ ਕੀਤਾ ਜ਼ਖਮੀ
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ ਪਿੰਡ ਜਰਗੜੀ ਦੇ ਰਹਿਣ ਵਾਲੇ ਬੱਗਾ ਸਿੰਘ ਨੂੰ ਸਕੂਟਰੀ 'ਤੇ ਜਾਂਦੇ ਸਮੇਂ ਚਾਈਨਾ ਡੋਰ ਗਲ ਵਿਚ ਫ਼ਸਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਕੀਤਾ ਹੈ | ਭਾਵੇਂ ਕਿ ਅਜੇ ਬਸੰਤ ਦਾ ਤਿਉਹਾਰ ਆਉਣ ਵਿਚ ਕੁੱਝ ਦਿਨ ਬਾਕੀ ਹਨ ਪਰ ਚਾਈਨਾ ਡੋਰ ਦਾ ਕਹਿਰ ਸ਼ੁਰੂ ਹੋ ਗਿਆ ਹੈ | ਹਾਲਾਂਕਿ ਪ੍ਰਸ਼ਾਸਨ ਵਲੋਂ ਕੁੱਝ ਚਾਈਨਾ ਡੋਰ ਬਰਾਮਦ ਵੀ ਕੀਤੀ ਗਈ ਹੈ ਪਰ ਫਿਰ ਵੀ ਚਾਈਨਾ ਡੋਰ ਵੇਚਣ ਵਾਲੇ ਗਲਤ ਕੰਮ ਕਰਨ ਤੋਂ ਨਹੀਂ ਹੱਟ ਰਹੇ | ਲਲਹੇੜੀ ਰੋਡ ਪੁਲ ਤੋਂ ਵੀ ਬੀਤੇ ਦਿਨੀਂ ਕੁੱਝ ਲੋਕਾਂ ਦੇ ਚਾਈਨਾ ਡੋਰ ਨਾਲ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਸੀ | ਦੱਸਣਯੋਗ ਹੈ ਕਿ ਕੁੱਝ ਸਾਲਾਂ ਪਹਿਲਾਂ ਚਾਈਨਾ ਡੋਰ ਦੇ ਕਾਰਨ ਹੀ ਇਕ ਹੱਸਦੇ ਵੱਸਦੇ ਘਰ ਨੂੰ ਉਸ ਵਕਤ ਉਜਾੜ ਦਿੱਤਾ ਸੀ ਜਦੋਂ ਇਕ ਵਿਅਕਤੀ ਦੇ ਗਲ ਵਿਚ ਚਾਈਨਾ ਡੋਰ ਫਸਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਬਸੰਤ ਦਾ ਤਿਉਹਾਰ ਭਾਵੇਂ ਇਕ ਖ਼ੁਸ਼ੀਆਂ ਦਾ ਤਿਉਹਾਰ ਹੈ ਪਰ ਲੋਕਾਂ ਦੇ ਮਨਾਂ ਵਿਚ ਚਾਈਨਾ ਡੋਰ ਦੀ ਦਹਿਸ਼ਤ ਬਰਕਰਾਰ ਹੈ | ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਜਰਗੜੀ ਦੇ ਵਸਨੀਕ ਉੱਘੇ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਦੇ ਵੱਡੇ ਭਰਾ ਬੱਗਾ ਸਿੰਘ ਜਰਗੜੀ ਆਪਣੇ ਹੀ ਪਿੰਡ ਗੁਰਦੁਆਰਾ ਸਾਹਿਬ ਲਾਗੇ ਐਕਟਵਾ ਸਕੂਟਰੀ 'ਤੇ ਸਵਾਰ ਹੋ ਕੇ ਘਰ ਵੱਲ ਨੂੰ ਆ ਰਹੇ ਸਨ ਤਾਂ ਅਚਾਨਕ ਹੀ ਚਾਈਨਾ ਡੋਰ ਨੇ ਆਪਣੀ ਲਪੇਟ ਵਿੱਚ ਲੈ ਲਿਆ | ਅਵਤਾਰ ਸਿੰਘ ਨੇ ਦੱਸਿਆ ਕਿ ਦੁਕਾਨਾਂ ਉੱਪਰ ਆਮ ਹੀ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਨੇ ਬੱਗਾ ਸਿੰਘ ਦੇ ਗਲੇ ਦੀਆਂ ਨਸਾਂ ਦਾ ਕਾਫੀ ਨੁਕਸਾਨ ਕੀਤਾ, ਜਿਸ ਨੂੰ ਜ਼ਖਮੀ ਹਾਲਤ ਵਿਚ ਖੰਨਾ ਦੇ ਇਕ ਨਿੱਜੀ ਹਸਪਤਾਲ ਜੀ. ਟੀ. ਰੋਡ ਵਿੱਚ ਦਾਖਲ ਕਰਵਾਇਆ | ਲੋਕਾਂ ਦੀ ਮੰਗ ਹੈ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ | ਜਿਹੜਾ ਕੋਈ ਵੀ ਪਤੰਗ ਚੜ੍ਹਾਉਂਦਾ ਹੈ, ਡਰੋਨ ਦੀ ਮਦਦ ਨਾਲ ਉਸ ਦੇ ਬਾਜ ਵਾਲੀ ਅੱਖ ਰੱਖ ਕੇ ਉਸ ਨੂੰ ਕਾਬੂ ਕਰਨਾ ਚਾਹੀਦਾ ਹੈ | ਲੋਕਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਕਾਰਵਾਈ ਅੱਜ ਤੋਂ ਸ਼ਹਿਰ ਅਤੇ ਖੰਨਾ ਇਲਾਕੇ ਦੇ ਆਸਪਾਸ ਦੇ ਪਿੰਡਾਂ ਵਿਚ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਚਾਈਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਵਿਚ ਡਰ ਕਾਇਮ ਕੀਤਾ ਜਾ ਸਕੇ | ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਚਾਈਨਾ ਡੋਰ ਨੂੰ ੂ ਪ੍ਰਮੋਟ ਕਰਨ ਵਾਲੇ ਲੋਕਾਂ ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
ਸ਼ਹਿਰ ਅਤੇ ਪਿੰਡਾਂ ਵਿਚ ਚਾਈਨਾ ਡੋਰ ਦਾ ਕਹਿਰ, ਲੋਕਾਂ ਵਿਚ ਸਹਿਮ
ਅਜੀਤ ਡੈਸਕ
21-01-2026