26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਤਖ਼ਤ ਸਾਹਿਬ ਵਿਖੇ ਚੱਲ ਰਿਹਾ ਨਾਮ ਸਿਮਰਨ ਸਮਾਗਮ ਹੋਇਆ ਸਮਾਪਤ ਸਮਾਪਤੀ ਤੇ ਧਾਰਮਿਕ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਜਥੇਦਾਰ ਬਾਬਾ ਟੇਕ ਸਿੰਘ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 02-01-2026
ਤਲਵੰਡੀ ਸਾਬੋ, 1 ਜਨਵਰੀ (ਰਣਜੀਤ ਸਿੰਘ ਰਾਜੂ)- ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ, ਮਾਤਾ ਗੁਜ਼ਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਤੇ ਪੋਹ ਮਹੀਨੇ ਦੇ ਸ਼ਹੀਦ ਸਮੂਹ ਸਿੰਘਾਂ/ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ ਕਰਕੇ 1 ਪੋਹ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਆਰੰਭਿਆ ਨਾਮ ਸਿਮਰਨ ਸਮਾਗਮ ਅੰਗਰੇਜ਼ੀ ਵਰ੍ਹੇ 2025 ਦੇ ਅੰਤਲੇ ਦਿਨ 31 ਦਸੰਬਰ ਦੇਰ ਸ਼ਾਮ ਨੂੰ ਸਮਾਪਤ ਹੋ ਗਿਆ | ਸਮਾਪਤੀ ਸਮਾਗਮ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਨਾਮ ਸਿਮਰਨ ਸਮਾਗਮ ਦੇ ਅੰਤਲੇ ਦਿਨ ਵੀ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਇਕੱਤਰ ਵੱਡੀ ਗਿਣਤੀ ਸੰਗਤਾਂ ਨੇ ਜਿਥੇ ਗੁਰਮੰਤਰ ਦੇ ਜਾਪ ਕੀਤੇ ਉੱਥੇ ਇਸ ਮੌਕੇ ਬੱਚਿਆਂ ਦੇ ਵਾਰ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਜਿਥੇ ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਸਨਮਾਨਿਤ ਕੀਤਾ ਉੱਥੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ | ਮੁਕਾਬਲਿਆਂ ਦੌਰਾਨ ਪੰਜੇ ਬਾਣੀਆਂ 'ਚੋਂ ਗੁਰਬਾਣੀ ਦੀਆਂ ਪਾਵਨ ਤੁਕਾਂ ਨੂੰ ਸ਼ੁੱਧ ਰੂਪ 'ਚ ਸੁਣਾਉਣ ਵਾਲੀਆਂ ਦੋ ਵਿਦਿਆਰਥਣਾਂ ਜੋਤਸਰੂਪ ਕੌਰ ਪੁੱਤਰ ਸੂਰਜ ਪ੍ਰਕਾਸ਼ ਸਿੰਘ ਤੇ ਕਾਸ਼ਦੀਪ ਕੌਰ ਪੁੱਤਰੀ ਗੁਰਭੇਜ ਸਿੰਘ ਨੂੰ ਜਥੇਦਾਰ ਬਾਬਾ ਟੇਕ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 10-10 ਹਜ਼ਾਰ ਰੁਪਏ ਸਨਮਾਨ ਵਜੋਂ ਦੇਣ ਦਾ ਐਲਾਨ ਕੀਤਾ | ਆਪਣੇ ਸੰਬੋਧਨ ਵਿਚ ਜਥੇਦਾਰ ਬਾਬਾ ਟੇਕ ਸਿੰਘ ਨੇ ਮਾਤਾ ਗੁਜ਼ਰ ਕੌਰ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲਾਸਾਨੀ ਦੱਸਦਿਆਂ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ | ਉਨ੍ਹਾਂ ਨੇ ਗੁਰਬਾਣੀ ਨਾਲ ਜੁੜੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਮੁੱਚੇ ਇਤਿਹਾਸ ਬਾਰੇ ਪੜਾਉਣ ਤਾਂ ਕਿ ਬੱਚੇ ਬਾਣੀ ਤੇ ਬਾਣੇ ਦੇ ਧਾਰਣੀ ਬਣ ਸਕਣ | ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਨਾਮ ਸਿਮਰਨ ਦੀ ਸਮਾਪਤੀ ਦੀ ਅਰਦਾਸ ਕੀਤੀ ਜਦ ਕਿ ਸਮਾਪਤੀ ਮੌਕੇ ਤਖਤ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ, ਮੀਤ ਮੈਨੇਜਰ ਮਨਦੀਪ ਸਿੰਘ ਮਾਖਾ ਤੋਂ ਇਲਾਵਾ ਪ੍ਰਬੰਧਕ ਤੇ ਮੁਹਤਬਰ ਵੀ ਮੌਜੂਦ ਨਜ਼ਰ ਆਏ |

ਪਿਛਲੀ ਖ਼ਬਰ ਸਾਂਝੇ ਮਜ਼ਦੂਰ ਮੋਰਚੇ ਵਲੋਂ ਮਨਰੇਗਾ ਖ਼ਤਮ ਕਰਨ ਵਿਰੁੱਧ ਬਠਿੰਡਾ 'ਚ ਰੋਸ ਪ੍ਰਦਰਸ਼ਨ 7 ਨੂੰ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।