06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜਮਹੂਰੀ ਅਧਿਕਾਰ ਸਭਾ ਬਠਿੰਡਾ ਦਾ ਜ਼ਿਲ੍ਹਾ ਇਜਲਾਸ ਸੰਪੰਨ

ਅਜੀਤ ਡੈਸਕ 21-07-2026

ਬੱਗਾ ਸਿੰਘ ਮੁੜ ਪ੍ਰਧਾਨ ਤੇ ਪ੍ਰਿਤਪਾਲ ਸਿੰਘ ਸਕੱਤਰ ਚੁਣੇ
ਬਠਿੰਡਾ, 20 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਜਮਹੂਰੀ ਅਧਿਕਾਰ ਸਭਾ, ਇਕਾਈ ਬਠਿੰਡਾ ਦਾ ਜ਼ਿਲ੍ਹਾ ਇਜਲਾਸ ਸਥਾਨਕ ਟੀਚਰਜ਼ ਹੋਮ ਵਿਖੇ ਸੰਪੰਨ ਹੋਇਆ। ਇਜਲਾਸ ਵਿਚ ਸ਼ਾਮਲ ਜ਼ਿਲ੍ਹੇ ਭਰ ਤੋਂ ਮੈਂਬਰਾਂ ਨੇ ਸੈਸ਼ਨ 2026-28 ਲਈ ਨਵੀਂ ਜ਼ਿਲ੍ਹਾ ਕਾਰਜਕਾਰਨੀ ਦੀ ਚੋਣ ਕੀਤੀ। ਇਸ ਦੌਰਾਨ ਬੱਗਾ ਸਿੰਘ ਨੂੰ ਮੁੜ ਪ੍ਰਧਾਨ ਅਤੇ ਪ੍ਰਿਤਪਾਲ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਜਲਾਸ ਦੀ ਸ਼ੁਰੂਆਤ ਵਿਛੋੜਾ ਦੇ ਗਏ ਆਗੂ ਐਨ.ਕੇ. ਜੀਤ ਸਮੇਤ ਹੋਰ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਕੀਤੀ ਗਈ। ਪ੍ਰਧਾਨ ਬੱਗਾ ਸਿੰਘ ਨੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਮਹੂਰੀ ਹੱਕਾਂ ਦੀ ਰੱਖਿਆ ਲਈ ਲੋਕਾਂ ਨੂੰ ਵੱਧ ਤੋਂ ਵੱਧ ਲਾਮਬੰਦ ਕਰਨ ਦੀ ਲੋੜ ਹੈ। ਸਕੱਤਰ ਸੁਦੀਪ ਸਿੰਘ ਨੇ ਸੈਸ਼ਨ 2024-26 ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਵਿਚ ਕੌਮੀ ਅਤੇ ਕੌਮਾਂਤਰੀ ਹਾਲਾਤ, ਜਮਹੂਰੀ ਹੱਕਾਂ ’ਤੇ ਹੋ ਰਹੇ ਹਮਲਿਆਂ, ਤੱਥ-ਖੋਜ ਪੜਤਾਲਾਂ, ਜਨਤਕ ਮੁਹਿੰਮਾਂ ਅਤੇ ਜਥੇਬੰਦੀ ਦੀਆਂ ਸਰਗਰਮੀਆਂ ਦਾ ਵੇਰਵਾ ਦਿੱਤਾ ਗਿਆ। ਵਿਚਾਰ-ਚਰਚਾ ਤੋਂ ਬਾਅਦ ਲੋੜੀਂਦੀਆਂ ਤਰਮੀਮਾਂ ਸਮੇਤ ਰਿਪੋਰਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਵਿੱਤ ਸਕੱਤਰ ਸੰਤੋਖ ਮੱਲ੍ਹਣ ਵਲੋਂ ਪੇਸ਼ ਕੀਤੀ ਵਿੱਤੀ ਰਿਪੋਰਟ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਜਲਾਸ ਦੌਰਾਨ ਸਭਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ, ਬਿਜਲੀ ਦੇ ਨਿੱਜੀਕਰਨ, ਮਨਰੇਗਾ ਅਤੇ ਕਿਰਤ ਹੱਕਾਂ ’ਤੇ ਹਮਲਿਆਂ, ਪੰਜਾਬ ਦੀ ਲੈਂਡ ਪੂਲਿੰਗ ਨੀਤੀ ਅਤੇ ਵਧ ਰਹੇ ਰਾਜਕੀ ਜਬਰ ਸਬੰਧੀ ਚਿੰਤਾ ਜਤਾਈ। ਸਭਾ ਨੇ ਮਾਈਸਰਖਾਨਾ ਅਤੇ ਹਰਰਾਏਪੁਰ ਨੇੜੇ ਪ੍ਰਸਤਾਵਿਤ ਸੀਮੈਂਟ ਫ਼ੈਕਟਰੀਆਂ ਦਾ ਵਿਰੋਧ ਕਰਦਿਆਂ ਵਾਤਾਵਰਨ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਚੰਦਭਾਨ ਅਤੇ ਦਾਨ ਸਿੰਘ ਵਾਲਾ ਵਿਚ ਦਲਿਤਾਂ ’ਤੇ ਹੋਏ ਜਬਰ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ, ਔਰਤਾਂ ਅਤੇ ਦਲਿਤਾਂ ਉੱਪਰ ਅੱਤਿਆਚਾਰ ਰੋਕਣ ਅਤੇ ਯੂਏਪੀਏ ਤਹਿਤ ਲੰਬੇ ਸਮੇਂ ਤੋਂ ਬੰਦ ਉਮਰ ਖਾਲਿਦ ਸਮੇਤ ਹੋਰ ਸਿਆਸੀ ਬੰਦੀਆਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ। ਸੂਬਾ ਪ੍ਰਧਾਨ ਜਗਮੋਹਨ ਸਿੰਘ ਦੀ ਨਿਗਰਾਨੀ ਹੇਠ ਹੋਈ ਚੋਣ ਵਿਚ 15 ਮੈਂਬਰੀ ਜ਼ਿਲ੍ਹਾ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਵਿਚ ਬੱਗਾ ਸਿੰਘ (ਪ੍ਰਧਾਨ), ਪ੍ਰਿਤਪਾਲ ਸਿੰਘ (ਸਕੱਤਰ), ਰਣਜੀਤ ਸਿੰਘ (ਮੀਤ ਪ੍ਰਧਾਨ), ਸੰਤੋਖ ਮੱਲ੍ਹਣ (ਵਿੱਤ ਸਕੱਤਰ), ਅਵਤਾਰ ਸਿੰਘ (ਮੀਤ ਸਕੱਤਰ), ਸੁਦੀਪ ਸਿੰਘ (ਪ੍ਰੈਸ ਸਕੱਤਰ), ਡਾ. ਅਜੀਤਪਾਲ ਸਿੰਘ, ਪੁਸ਼ਪ ਲਤਾ, ਜਗਦੇਵ ਸਿੰਘ, ਸੁਖਦੇਵ ਪਾਂਧੀ, ਵਿਕਾਸ ਰਾਠੀ, ਬਿਸ਼ਨਦੀਪ ਕੌਰ, ਮੰਦਰ ਜੱਸੀ, ਸਿਕੰਦਰ ਧਾਲੀਵਾਲ ਅਤੇ ਭੋਲਾ ਸਿਧਾਣਾ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਸੂਬਾ ਇਜਲਾਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ।

ਪਿਛਲੀ ਖ਼ਬਰ ਨਿਰੋਲ ਧਾਰਮਿਕ ਸੁਸਾਇਟੀ ਦੀ ਸਰਬਸੰਮਤੀ ਨਾਲ ਹੋਈ ਮੁੱਖ ਸੇਵਾਦਾਰ ਦੀ ਚੋਣ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਬੇਪਰਦਾ ਲਾਸ਼ ਰੇਲਵੇ ਨਾਲੇ ’ਚੋਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।