09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਰਕਾਰੀ ਰਾਸ਼ਨ ਕਿੱਟ ਲੈਣ ਆਈ ਔਰਤ ਨੇ ਸਰਕਾਰ ਤੋਂ ਲਾਈ ਗੁਹਾਰ

ਅਜੀਤ ਡੈਸਕ 05-07-2026
ਤਲਵੰਡੀ ਸਾਬੋ, 4 ਜੁਲਾਈ (ਰਣਜੀਤ ਸਿੰਘ ਰਾਜੂ)- ਪੰਜਾਬ ਸਰਕਾਰ ਵਲੋਂ ਲਾਭਪਾਤਰੀ ਪਰਿਵਾਰਾਂ ਨੂੰ ਵੰਡੀਆਂ ਜਾਣ ਵਾਲੀਆਂ ਰਾਸ਼ਨ ਕਿੱਟਾਂ ਦੀ ਰਸਮੀ ਵੰਡ ਲਈ ਅੱਜ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਰੱਖੇ ਗਏ ਸਮਾਗਮ ਦੌਰਾਨ ਭਾਵੇਂ ਸਿਆਸੀ ਆਗੂਆਂ ਅਤੇ ਅਧਿਕਾਰੀਆਂ ਨੇ ਰਾਸ਼ਨ ਕਿੱਟਾਂ ਹਾਸਲ ਕਰਨ ਵਾਲੇ ਪਰਿਵਾਰਾਂ ਦੇ ਚਿਹਰਿਆਂ ‘ਤੇ ਰੌਣਕ ਆ ਜਾਣ ਦੇ ਦਾਅਵੇ ਕੀਤੇ ਪਰ ਅਧਿਕਾਰੀਆਂ ਦੇ ਪੈਰਾਂ ਹੇਠੋਂ ਉਦੋਂ ਜ਼ਮੀਨ ਖਿਸਕਦੀ ਜਾਪੀ ਜਦੋਂ ਲਾਭਪਾਤਰੀ ਇਕ ਔਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਹਾਰ ਲਗਾਈ ਕਿ ਨਗਰ ‘ਚ ਨਸ਼ਾ ਬਹੁਤ ਵਿਕ ਰਿਹੈ, ਸਾਨੂੰ ਰਾਸ਼ਨ ਕਿੱਟਾਂ ਭਾਵੇਂ ਨਾ ਦਿਉ ਪਰ ਨਸ਼ਿਆਂ ਤੋਂ ਸਾਡੇ ਬੱਚੇ ਬਚਾ ਲਉ।ਦੱਸਣਯੋਗ ਹੈ ਕਿ ਰਾਸ਼ਨ ਕਿੱਟਾਂ ਦੀ ਵੰਡ ਦੇ ਸਮਾਗਮ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਲੋਕਾਂ ਦੀ ਪ੍ਰਤੀਕ੍ਰਿਆ ਜਾਨਣੀ ਚਾਹੀ ਤਾਂ ਰਾਸ਼ਨ ਕਿੱਟ ਹੱਥ ‘ਚ ਫੜੀ ਬੈਠੀ ਤਲਵੰਡੀ ਸਾਬੋ ਦੀ ਇਕ ਔਰਤ ਹਰਬੰਸ ਕੌਰ ਨੇ ਰਾਸ਼ਨ ਕਿੱਟਾਂ ਦੇਣ ਲਈ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਤਾਂ ਕੀਤਾ ਪਰ ਨਾਲ ਹੀ ਉਸ ਨੇ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਵਿਚੋਂ ਨਸ਼ਾ ਬੰਦ ਕੀਤਾ ਜਾਣਾ ਚਾਹੀਦੈ। ਉਨ੍ਹਾਂ ਦੱਸਿਆ ਕਿ ਨਗਰ ਚ ਵਾਧੂ ਨਸ਼ਾ ਵਿਕ ਰਿਹੈ ਤੇ ਨੌਜਵਾਨਾਂ ਤੋਂ ਇਲਾਵਾ ਬੱਚੇ ਤੱਕ ਨਸ਼ਾ ਵੇਚ ਰਹੇ ਨੇ। ਉਕਤ ਔਰਤ ਨੇ ਕਿਹਾ ਕਿ ਉਨ੍ਹਾਂ ਨੂੰ ਰਾਸ਼ਨ ਕਿੱਟਾਂ ਦੀ ਵੀ ਲੋੜ ਨਹੀ ਪਰ ਨਸ਼ਾ ਬੰਦ ਕੀਤਾ ਜਾਵੇ ਤਾਂਕਿ ਨਿੱਕੇ-ਨਿੱਕੇ ਬੱਚੇ ਬਚ ਸਕਣ। ਉਕਤ ਔਰਤ ਵਲੋਂ ਸਰਕਾਰ ਤੋਂ ਲਾਈ ਗੁਹਾਰ ਨੇ ਇਕ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੀ ਹੈ ਕਿ ਭਾਵੇਂ ਸਰਕਾਰ ਲੋਕ ਲੁਭਾਊ ਸਕੀਮਾਂ ਨਾਲ ਲੋਕਾਂ ਦੇ ਚਿਹਰਿਆਂ ‘ਤੇ ਲੱਖ ਰੌਣਕ ਲਿਆਉਣ ਦੇ ਦਾਅਵੇ ਕਰੀ ਜਾਵੇ ਪਰ ਨਸ਼ੇ ਦੇ ਸੇਕ ਨਾਲ ਬਹੁਤੇ ਪੰਜਾਬੀਆਂ ਦੇ ਧੁਆਂਖੇ ਚਿਹਰਿਆਂ ‘ਤੇ ਅਸਲ ਰੌਣਕ ਨਸ਼ੇ ਦੇ ਖ਼ਾਤਮੇ ਨਾਲ ਹੀ ਆਵੇਗੀ।
ਪਿਛਲੀ ਖ਼ਬਰ ਮਾਈਕ੍ਰੋ ਫਾਈਨਾਂਸ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸੰਗਤ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।