08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਪੰਥਕ ਇਕੱਠ’ ’ਚ ਸ਼ਮੂਲੀਅਤ ਲਈ ਵਿਸ਼ਾਲ ਕਾਫ਼ਲਿਆਂ ਨੂੰ ਜਥੇ: ਬਾਬਾ ਟੇਕ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੀਤਾ ਰਵਾਨਾ

ਅਜੀਤ ਡੈਸਕ 05-07-2026
ਤਲਵੰਡੀ ਸਾਬੋ, 4 ਜੁਲਾਈ (ਰਣਜੀਤ ਸਿੰਘ ਰਾਜੂ)- ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਸਬੰਧੀ ਵਾਇਰਲ ਇਕ ਵੀਡੀਓ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਦੱਸਦਿਆਂ ਪਿਛਲੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮੁੱਖ ਮੰਤਰੀ ਨੂੰ ਪੰਥ ਦੋਖੀ ਕਰਾਰ ਦੇਣ ਤੋਂ ਬਾਅਦ ਹੁਣ ਮੁੱਖ ਮੰਤਰੀ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਨੌਤੀ ਦੇਣ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 5 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ‘ਚ ਸੱਦੇ ‘ਪੰਥਕ ਇਕੱਠ’ ‘ਚ ਸ਼ਮੂਲੀਅਤ ਲਈ ਵੱਡੀ ਗਿਣਤੀ ਸੰਗਤਾਂ ਦੇ ਕਾਫ਼ਲੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵਲੋਂ ਤਖਤ ਸਾਹਿਬ ਤੋਂ ਰਵਾਨਾ ਕੀਤੇ ਗਏ।ਤਖਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ‘ਪੰਥਕ ਇਕੱਠ’ ‘ਚ ਸ਼ਾਮਿਲ ਹੋਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਤੋਂ 3000 ਦੇ ਕਰੀਬ ਸੰਗਤ ਦਾ ਕਾਫ਼ਲਾ 60 ਬੱਸਾਂ ਰਾਹੀਂ ਤਖਤ ਸਾਹਿਬ ਨਤਮਸਤਕ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋਇਆ। ਬੱਸਾਂ ਦੀ ਰਵਾਨਗੀ ਮੌਕੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਦੌਰਾਨ ਬੇਹੱਦ ਦ੍ਰਿੜ੍ਹਤਾ ਨਾਲ ਆਖਿਆ ਕਿ ਪਿਛਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰਦਿਆਂ ਕਿਹਾ ਹੈ ਕਿ ‘ਸਿੰਘ ਸਾਹਿਬ ਚਾਹੇ ਰੋਜ਼ ਮੀਟਿੰਗਾਂ ਕਰੀ ਜਾਣ, ਮੈਂ ਪੰਜ ਸਿੰਘ ਸਾਹਿਬਾਨ ਦੇ ਫ਼ੈਸਲਿਆਂ ਨੂੰ ਨਹੀਂ ਮੰਨਦਾ’। ਸਿੰਘ ਸਾਹਿਬ ਨੇ ਕਿਹਾ ਕਿ ਅਜਿਹੇ ਬਿਆਨ ਦੇਣ ਵਾਲਾ ਵਿਅਕਤੀ ਸਿੱਧੇ ਤੌਰ ‘ਤੇ ‘ਪੰਥ ਦੋਖੀ’ ਅਤੇ ‘ਗੁਰੂ ਦੋਖੀ’ ਹੈ। ਪਹਿਲਾਂ ਵੀਡੀਓ ਨੂੰ ਏ.ਆਈ ਅਤੇ ਮਾਸਕਾਂ ਦੇ ਓਹਲੇ ਝੂਠਾ ਦੱਸਣਾ ਅਤੇ ਫੋਰੈਂਸਿਕ ਜਾਂਚ ਵਿਚ ਸੱਚ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਬਿਆਨ ਬਦਲਣੇ,ਇਹ ਸੱਤਾ ਦੇ ਨਸ਼ੇ ਅਤੇ ਗੁਰੂ-ਭੈਅ ਤੋਂ ਮੁਨਕਰ ਹੋਣ ਦੀ ਨਿਸ਼ਾਨੀ ਹੈ।ਜਥੇਦਾਰ ਸਾਹਿਬ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਅੱਜ ਤੱਕ ਜਿਸ ਕਿਸੇ ਨੇ ਵੀ ਅਕਾਲ ਤਖਤ ਸਾਹਿਬ ਅਤੇ ਖ਼ਾਲਸਾ ਪੰਥ ਨਾਲ ਟੱਕਰ ਲਈ ਹੈ, ਉਸ ਦਾ ਹਸ਼ਰ ਸਭ ਨੇ ਦੇਖਿਆ ਹੈ, ਅਕਾਲ ਤਖਤ ਸਾਹਿਬ ਨੂੰ ਵੰਗਾਰਨ ਵਾਲਿਆਂ ਨੂੰ ਸੰਗਤ ਨੇ ਕਦੇ ਮੁਆਫ਼ ਨਹੀ ਕੀਤਾ। ਕਾਫ਼ਲਿਆਂ ਦੀ ਰਵਾਨਗੀ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਤਖਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ, ਭੋਲਾ ਸਿੰਘ ਇੰਚਾਰਜ ਸਬ ਆਫ਼ਿਸ ਧਰਮ ਪ੍ਰਚਾਰ, ਬਾਬਾ ਪ੍ਰੀਤਮ ਸਿੰਘ ਮੱਲੜੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੜਕ ਦੁਰਘਟਨਾ ’ਚ ਇਕ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਬਠਿੰਡਾ ਦੇ ਚਿਲਡਰਨ ਹੋਮ ’ਚੋਂ ਦੋ ਬੱਚੇ ਭੇਦਭਰੀ ਹਾਲਤ ਹੋਏ ਗਾਇਬ ਘਟਨਾ ਦੇ ਇਕ ਮਹੀਨੇ ਬਾਅਦ ਵੀ ਨਹੀਂ ਲੱਗਿਆ ਥਹੁ-ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।