07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਾਮਲਾ ਭਾਜਪਾ ਆਗੂ ਦੇ ਕਲੀਨਿਕ ’ਤੇ ਪੈਟਰੋਲ ਬੰਬ ਨਾਲ ਹਮਲੇ ਦਾ’- ਪਾਕਿ ਗੈਂਗਸਟਰ ਸ਼ਹਿਜਾਦ ਭੱਟੀ ਨਾਲ 10 ਲੱਖ ਰੁਪਏ ’ਚ ਹੋਈ ਸੀ ਹਮਲਾ ਕਰਨ ਦੀ ਸੌਦੇਬਾਜ਼ੀ ਮੁੱਖ ਦੋਸ਼ੀ ਸਮੇਤ ਤਿੰਨ ਜਣੇ ਫੜੇ ਜਾਣ ਦੇ ਬਾਵਜੂਦ ਹਮਲੇ ਦੇ ਕਾਰਨਾਂ ਦਾ ਰਹੱਸ ਬਰਕਰਾਰ

ਅਜੀਤ ਡੈਸਕ 28-06-2026
ਬਠਿੰਡਾ, 27 ਜੂਨ (ਸੱਤਪਾਲ ਸਿੰਘ ਸਿਵੀਆਂ)- ਇੱਥੋਂ ਦੇ ਭਾਜਪਾ ਆਗੂ ਡਾਕਟਰ ਤਰਸੇਮ ਗਰਗ ਦੇ ਕਲੀਨਿਕ ’ਤੇ ਪੈਟਰੋਲ ਬੰਬ ਨਾਲ ਕੀਤੇ ਗਏ ਹਮਲੇ ਦਾ ਮੁੱਖ ਕਾਰਨ ਅਜੇ ਤੱਕ ਪੈਸਿਆਂ ਦਾ ਲਾਲਚ ਹੀ ਦੱਸਿਆ ਜਾ ਰਿਹਾ ਹੈ, ਜਿਸ ਅਨੁਸਾਰ ਫੜੇ ਗਏ ਕਥਿਤ ਹਮਲਾਵਰਾਂ ਦੇ ਮੁਖੀ ਦੀ ਸੌਦੇਬਾਜ਼ੀ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ ਦੇ ਨਾਲ 10 ਲੱਖ ਰੁਪਏ ਵਿਚ ਤੈਅ ਹੋਈ ਸੀ ਪਰ ਪਹਿਲੀ ਕਿਸ਼ਤ ਵਜੋਂ ਮਿਲੇ ਸਿਰਫ਼ 5 ਹਜ਼ਾਰ ਰੁਪਏ ਵਿਚ ਹੀ ਇਨ੍ਹਾਂ ਨੇ ਡਾਕਟਰ ਦੇ ਕਲੀਨਿਕ ‘ਤੇ ਬੋਤਲਨੁਮਾ ਪੈਟਰੋਲ ਬੰਬ ਫੋੜ ਦਿੱਤੇ । ਇਸ ਦਾ ਖ਼ੁਲਾਸਾ ਫੜੇ ਗਏ ਤੀਸਰੇ ਕਥਿਤ ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਬਾਅਦ ਹੋਇਆ ਹੈ । ਇਸ ਸਬੰਧੀ ਇੱਥੇ ਪ੍ਰੈਸ ਕਾਨਫ਼ਰੰਸ ਕਰਦਿਆਂ ਐਸ.ਪੀ. ਹੀਨਾ ਗੁਪਤਾ (ਪੀਬੀਆਈ) ਨੇ ਦੱਸਿਆ ਕਿ ਡਾਕਟਰ ਤਰਸੇਮ ਗਰਗ ਦੇ ਕਲੀਨਿਕ ’ਤੇ ਹੋਏ ਪੈਟਰੋਲ ਬੰਬ ਹਮਲੇ ’ਚ ਤੀਸਰੇ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ਼ ਬਿੱਲਾ ਵਾਸੀ ਖੁਈਆਂ ਸਰਵਰ (ਫ਼ਾਜ਼ਿਲਕਾ) ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਇਸ ਤੋਂ ਪਹਿਲਾਂ ਫੜੇ ਗਏ ਦੋ ਮੁੱਖ ਹਮਲਾਵਰਾਂ ਗੁਰਵਿੰਦਰ ਸਿੰਘ ਅਤੇ ਨਾਖੁਲ ਨੂੰ ਪੈਸੇ ਦਾ ਲਾਲਚ ਅਤੇ ਸਬੰਧਿਤ ਸਮਾਨ ਮੁਹੱਈਆ ਕਰਵਾਇਆ ਸੀ । ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਕਿ ਬਿੱਲਾ ਸਿੱਧੇ ਤੌਰ ’ਤੇ ਵਿਦੇਸ਼ ’ਚ ਬੈਠੇ ਸ਼ਹਿਜਾਦ ਭੱਟੀ ਨਾਂਅ ਦੇ ਸ਼ੱਕੀ ਵਿਅਕਤੀ ਦੇ ਸੰਪਰਕ ’ਚ ਸੀ ਤੇ ਬਿੱਲਾ ਦੇ ਮੰਨਣ ਅਨੁਸਾਰ ਭੱਟੀ ਨੇ ਉਸ ਨੂੰ ਉਕਤ ਹਮਲਾ ਕਰਨ ਲਈ 10 ਲੱਖ ਰੁਪਏ ਦਾ ਲਾਲਚ ਦਿੱਤਾ ਸੀ ਤੇ ਇਸ ਨੂੰ ਉਕਤ ਤੋਂ 5 ਹਜ਼ਾਰ ਰੁਪਏ ਵਾਰਦਾਤ ਤੋਂ ਪਹਿਲਾਂ ਹਾਸਲ ਹੋ ਚੁੱਕੇ ਸਨ। ਇਸ ਨੇ ਹਮਲੇ ਨੂੰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਅੰਜਾਮ ਦਿੱਤਾ, ਜਿਸ ਤੋਂ ਪਹਿਲਾਂ ਬਿੱਲਾ ਨੇ ਆਪਣੇ ਉਕਤ ਦੋ ਸਾਥੀਆਂ ਨੂੰ 3-3 ਹਜ਼ਾਰ ਰੁਪਏ ਦਾ ਲਾਲਚ ਦਿੱਤਾ ਸੀ ਤੇ ਅਦਾਇਗੀ ਅਜੇ ਸਿਰਫ਼ 500-500 ਰੁਪਏ ਦੀ ਕੀਤੀ ਸੀ, ਜਦਕਿ ਬਾਕੀ ਰਕਮ ਹਮਲੇ ਬਾਅਦ ਦਿੱਤੀ ਜਾਣੀ ਸੀ। ਪੁਲਿਸ ਇਸ ਨੂੰ ਪਹਿਲੇ ਦਿਨ ਤੋਂ ਹੀ ਕੁਝ ਪੈਸਿਆਂ ਦੇ ਲਾਲਚ ‘ਚ ਕੀਤਾ ਗਿਆ ਹਮਲਾ ਕਰਾਰ ਦੇ ਰਹੀ ਹੈ, ਜਦਕਿ ਇਸ ਮਾਮਲੇ ‘ਚ ਨਾਮੀ ਗੈਂਗਸਟਰ ਸ਼ਹਿਜਾਦ ਭੱਟੀ ਦਾ ਨਾਂਅ ਸਾਹਮਣੇ ਆਉਣ ਬਾਅਦ ਇਸ ਨੂੰ ਕਿਸੇ ਵੱਡੀ ਸ਼ਾਜਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮਾਮਲੇ ’ਚ ਮੁਖੀ ਸਮੇਤ ਤਿੰਨ ਜਣੇ ਫੜੇ ਜਾਣ ਦੇ ਬਾਵਜੂਦ ਹਮਲੇ ਦੇ ਕਾਰਨਾਂ ਦਾ ਰਹੱਸ ਬਣਿਆ ਹੋਇਆ ਹੈ। ਤਿੰਨੋਂ ਕਥਿਤ ਦੋਸ਼ੀ ਪੁਲਿਸ ਕੋਲ 7 ਅਤੇ 5 ਦਿਨਾਂ ਦੇ ਰਿਮਾਂਡ ‘ਤੇ ਹਨ, ਹੋ ਸਕਦਾ ਇਸ ਦੌਰਾਨ ਹਮਲੇ ਦੇ ਮੁੱਖ ਕਾਰਨਾਂ ਦਾ ਖ਼ੁਲਾਸਾ ਹੋ ਸਕੇ।
ਪਿਛਲੀ ਖ਼ਬਰ ਜਥੇਬੰਦੀ ਨਾਲ ਕੀਤੇ ਵਿਸ਼ਵਾਸਘਾਤ ਦੀ ਨਿੰਦਾ ਅਤੇ 4 ਜੁਲਾਈ ਦੇ ਮੁਜ਼ਾਹਰੇ ਦੀਆਂ ਜ਼ੋਰਦਾਰ ਤਿਆਰੀਆਂ ਅਗਲੀ ਖ਼ਬਰ ਆਮ ਆਦਮੀ ਪਾਰਟੀ ਵਾਲੇ ਪਿੰਡਾਂ ਦੇ ਸਰਪੰਚਾਂ ਦੇ ਸਾਂਝੇ ਕੰਮਾਂ ’ਚ ਵਿਘਨ ਪਾ ਰਹੇ- ਜਨਮੇਜਾ ਸਿੰਘ ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।