21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਲਾਲ ਲਕੀਰ ਵਾਲੀ ਜਗ੍ਹਾ ਦੇ ਪੁਲਿਸ ਵਿਭਾਗ ਤੇ ਪੰਚਾਇਤ ਬਾਲਿਆਂਵਾਲੀ ਦੋ ਦਾਅਵੇਦਾਰ

ਅਜੀਤ ਡੈਸਕ 01-04-2026

ਬਾਲਿਆਂਵਾਲੀ, 31 ਮਾਰਚ (ਕੁਲਦੀਪ ਮਤਵਾਲਾ)-ਲਾਲ ਲਕੀਰ ਵਾਲੀ ਇੱਕ ਜਗ੍ਹਾ ਦੇ ਵਿਵਾਦ ਕਾਰਨ ਪੁਲਿਸ ਥਾਣਾ ਬਾਲਿਆਂਵਾਲੀ ਦੇ ਖ਼ਿਲਾਫ਼ ਸਥਾਨਕ ਗ੍ਰਾਮ ਪੰਚਾਇਤ ਦੀ ਅਗਵਾਈ 'ਚ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਦੁਕਾਨਾਂ ਬੰਦ ਕਰਕੇ ਥਾਣੇ ਬਾਹਰ ਧਰਨਾ ਲਗਾ ਕੇ ਪੁਲਿਸ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ | ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਚਹਿਲ, ਜਗਜੀਤ ਸਿੰਘ ਸਿੱਧੂ, ਮਾਸਟਰ ਹਰਨੇਕ ਸਿੰਘ ਸਿੱਧੂ, ਸੁੱਚਾ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਨ੍ਹ 1990 'ਚ ਥਾਣਾ ਬਾਲਿਆਂਵਾਲੀ ਵਿਖੇ ਇੱਕ ਲਾਂਗਰੀ ਕੰਮ ਕਰਦਾ ਸੀ | ਉਸ ਸਮੇਂ ਪੰਜਾਬ ਗੰਭੀਰ ਸੰਕਟ 'ਚੋਂ ਗੁਜ਼ਰ ਰਿਹਾ ਸੀ ਤੇ ਪੰਜਾਬ ਦੇ ਹਾਲਾਤ ਮਾੜੇ ਹੋਣ ਕਰਕੇ ਉਸ ਪ੍ਰਦੇਸ਼ੀ ਲਾਂਗਰੀ ਨੂੰ ਪੰਚਾਇਤ ਨੇ ਹਮਦਰਦੀ ਵਜੋਂ ਘਰੇਲੂ ਰਿਹਾਇਸ਼ ਲਈ ਜਗ੍ਹਾ ਦਿੱਤੀ ਸੀ, ਪ੍ਰੰਤੂ ਕਈ ਵਰ੍ਹੇ ਪਹਿਲਾਂ ਲਾਂਗਰੀ ਦਾ ਦਿਹਾਂਤ ਹੋ ਗਿਆ ਸੀ ਤੇ ਉਸ ਦਾ ਪਰਿਵਾਰ ਵੀ ਪਿੰਡ ਛੱਡਕੇ ਕਿਤੇ ਹੋਰ ਰਹਿਣ ਲੱਗ ਗਿਆ ਸੀ | ਜਿਸ ਕਰਕੇ ਪੰਚਾਇਤ ਨੇ ਲਾਂਗਰੀ ਦੇ ਪਰਿਵਾਰ ਦੀ ਰਜ਼ਾਮੰਦੀ ਨਾਲ ਉਹ ਜਗ੍ਹਾ ਵਾਪਿਸ ਖ਼ਾਲੀ ਕਰਵਾ ਲਈ ਹੈ | ਉਨ੍ਹਾਂ ਦੱਸਿਆ ਕਿ ਜਦੋਂ ਅੱਜ ਮਜ਼ਦੂਰ ਉਕਤ ਜਗ੍ਹਾ ਦੀ ਸਫ਼ਾਈ ਵਗ਼ੈਰਾ ਕਰ ਰਹੇ ਸਨ ਤਾਂ ਬਾਲਿਆਂਵਾਲੀ ਦੀ ਪੁਲਿਸ ਵਲੋਂ ਮਜ਼ਦੂਰਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਹੈ | ਜਿਸ ਕਰਕੇ ਸਮੁੱਚੇ ਪਿੰਡ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤ ਦੇ ਹੱਕ ਇਕੱਠੇ ਹੋ ਕੇ ਥਾਣਾ ਬਾਲਿਆਂਵਾਲੀ ਦਾ ਘਿਰਾਓ ਕੀਤਾ ਗਿਆ ਹੈ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀ ਵੱਡਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ | ਇਸ ਮੌਕੇ ਬਲਰਾਜ ਸਿੰਘ ਚਹਿਲ, ਸਰਪੰਚ ਸੁਖਪਾਲ ਕੌਰ ਚਹਿਲ, ਸੁਖਬੀਰ ਸਿੰਘ ਮਾਨ, ਨੰਬਰਦਾਰ ਅਮਨਦੀਪ ਸਿੰਘ, ਸੁਖਵੀਰ ਸਿੰਘ ਮਾਨ, ਹਰਜਿੰਦਰ ਸਿੰਘ ਮਾਨ, ਨੰਬਰਦਾਰ ਰਣਜੀਤ ਸਿੰਘ ਦੰਦੀਵਾਲ, ਗੁਰਦੀਪ ਸਿੰਘ ਸਿੱਧੂ, ਜਸਵੀਰ ਸਿੰਘ ਜੌੜਾ ਤੇ ਪੰਚਾਇਤ ਮੈਂਬਰ ਹਰਿੰਦਰ ਸਿੰਘ ਪਿੰਕਾ, ਜਗਤਾਰ ਸਿੰਘ ਤਾਰੀ, ਕੇਵਲ ਸਿੰਘ ਰੰਧਾਵਾ, ਜਸਵੀਰ ਸਿੰਘ ਮਾਨ,ਜੀਤ ਸਿੰਘ ਅੰਮਿ੍ਤਪਾਲ ਸਿੰਘ ਦਿੜਬਾ, ਸ਼ਮਸ਼ੇਰ ਸਿੰਘ ਰੇਸ਼ੂ, ਰਣਜੀਤ ਸਿੰਘ ਨਿੱਕਾ, ਰਾਜਾ ਸਿੰਘ, ਰਜਿੰਦਰ ਕੁਮਾਰ (ਸਾਰੇ ਪੰਚਾਇਤ ਮੈਂਬਰ), ਭੁਪਿੰਦਰ ਪਾਂਧੀ, ਗੁਰਤੇਜ ਸਿੰਘ ਮਾਲੇਕਾ, ਜੰਟਾ ਸਿੰਘ ਮਾਲੇਕਾ, ਹੇਮਰਾਜ ਸ਼ਰਮਾ, ਜਲੌਰ ਸਿੰਘ ਦੰਦੀਵਾਲ ਆਦਿ ਕਿਸਾਨ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ | ਇਸ ਸੰਬੰਧੀ ਡੀ.ਐਸ.ਪੀ. ਮੌੜ ਕੁਲਦੀਪ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਥਾਣੇ ਨੂੰ ਆਉਣ ਵਾਲੇ ਮੁੱਖ ਰਸਤੇ ਦੇ ਸੱਜੇ ਹੱਥ ਜੋ ਜਗ੍ਹਾ ਹੈ, ਉਸ 'ਤੇ ਪੁਲਿਸ ਵਿਭਾਗ ਦਾ ਪਿਛਲੇ ਲਗਭਗ 36-38 ਸਾਲ ਤੋਂ ਕਬਜ਼ਾ ਹੈ, ਪ੍ਰੰਤੂ ਬਾਲਿਆਂਵਾਲੀ ਦੀ ਪੰਚਾਇਤ ਕਾਨੂੰਨੀ ਕਾਰਵਾਈ ਕੀਤੇ ਬਗੈਰ ਜ਼ਬਰਦਸਤੀ ਕਬਜ਼ਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਜਗ੍ਹਾ ਪਿੰਡ ਦੀ ਹੈ ਤਾਂ ਮਾਲ ਵਿਭਾਗ ਜਾਂ ਬੀ.ਡੀ.ਪੀ.ਓ ਜਾਂ ਡੀ.ਡੀ.ਪੀ.ਓ ਤੋਂ ਸਾਡੇ ਵਿਭਾਗ ਨੂੰ ਚਿੱਠੀ ਭੇਜਵਾ ਦੇਣ | ਜ਼ਿਕਰ ਏ ਖ਼ਾਸ ਹੈ ਕਿ ਜੋ ਰਸਤੇ ਪੁਲਿਸ ਥਾਣਾ ਬਾਲਿਆਂਵਾਲੀ ਨੂੰ ਜਾਂਦਾ ਹੈ ਉਹ ਮੁੱਖ ਤੌਰ 'ਤੇ ਰਸਤਾ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਬਾਬਾ ਗੁੱਦੜ ਸਾਹਿਬ ਨੂੰ ਜਾਣ ਵਾਲਾ ਰਸਤੇ ਹੈ | ਜਿਸ ਸਥਾਨ 'ਤੇ ਸਭ ਧਰਮਾਂ ਦੇ ਲੋਕਾਂ ਸਣੇ ਸਮੁੱਚੇ ਪਿੰਡ ਵਾਸੀਆਂ ਦੀ ਬਾਬਾ ਗਿੱਦੜ ਸਿੰਘ ਚੁੱਲੇ ਸਾਹਿਬ ਤੇ ਅਥਾਹ ਸ਼ਰਧਾ ਹੈ | ਫਿਲਹਾਲ ਪੁਲਿਸ ਵਿਭਾਗ ਤੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਉਕਤ ਲਾਲ ਲਕੀਰ ਵਾਲੀ ਜਗ੍ਹਾ 'ਤੇ ਆਪੋ ਆਪਣਾ ਹੱਕ ਜਤਾਉਣ ਦਾ ਦਾਅਵਾ ਕਰ ਰਹੇ ਹਨ, ਜਦਕਿ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਪੁਲਿਸ ਦਾ ਘਿਰਾਓ ਤੇ ਰੋਸ ਭਰਪੂਰ ਨਾਅਰੇਬਾਜ਼ੀ ਜਾਰੀ ਸੀ |

ਪਿਛਲੀ ਖ਼ਬਰ -ਮਾਮਲਾ ਐਡਵੋਕੇਟ ਦਵਿੰਦਰਪਾਲ ਨੱਤ ਖ਼ੁਦਕੁਸ਼ੀ ਦਾ- ਬਠਿੰਡਾ ਪੁਲਿਸ ਵਲੋਂ ਚੰਡੀਗੜ੍ਹ ਦੇ ਬਿਲਡਰ ਅਤੇ ਪੁੱਤਰਾਂ ਦਾ ਲੁੱਕ... ਅਗਲੀ ਖ਼ਬਰ ਬੇਮੌਸਮੀ ਮੀਂਹ ਅਤੇ ਹਵਾ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।