21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕਣਕ ਦੀ ਖ਼ਰੀਦ ਅੱਜ ਤੋਂ, ਜ਼ਿਲੇ੍ਹ ਭਰ 'ਚ ਕਰੀਬ 10 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ

ਅਜੀਤ ਡੈਸਕ 01-04-2026

ਬਠਿੰਡਾ, 31 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਭਰ ਵਿਚ ਕਣਕ ਦੀ ਖ਼ਰੀਦ ਅੱਜ 1 ਅਪ੍ਰੈਲ ਤੋਂ ਸ਼ੁਰੂ ਹੈ, ਪਰ ਮੌਸਮ ਦੀ ਮਾਰ ਕਾਰਨ ਕਣਕ ਦੀ ਫ਼ਸਲ ਵਿਚ ਨਮੀਂ ਦੀ ਮਾਤਰਾ ਹੋਰ ਵੱਧ ਸਕਦੀ ਹੈ ਤੇ ਇਸ ਕਾਰਨ ਕਣਕ ਦੀ ਦਾਣਾ ਮੰਡੀਆਂ 'ਚ ਜੋ ਆਮਦ ਕਰੀਬ ਇਕ ਹਫ਼ਤਾ ਪੱਛੜਕੇ ਹੁੰਦੀ ਹੈ, ਉਹ ਕੁਝ ਦਿਨ ਹੋਰ ਪੱਛੜ ਸਕਦੀ ਹੈ | ਕਣਕ ਦੇ ਐਨ ਪੱਕਣ ਮੌਕੇ ਵਰ੍ਹੇ ਮੀਂਹ ਨਾਲ ਕਿਸਾਨ ਚਿੰਤਤ ਹਨ ਤੇ ਉਨ੍ਹਾਂ ਨੂੰ ਕਣਕ ਦੇ ਖ਼ਰਾਬ ਹੋਣ ਦਾ ਡਰ ਸਤਾਅ ਰਿਹਾ ਹੈ | ਦੂਜੇ ਪਾਸੇ ਪੰਜਾਬ ਮੰਡੀ ਬੋਰਡ ਵਲੋਂ ਜ਼ਿਲੇ੍ਹ ਦੀਆਂ ਦਾਣਾ ਮੰਡੀਆਂ ਅੰਦਰ ਇਸ ਵਾਰ ਪਿਛਲੇ ਸਾਲ ਦੇ ਬਰਾਬਰ ਹੀ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ | ਜ਼ਿਲ੍ਹਾ ਮੰਡੀ ਅਧਿਕਾਰੀ ਗੌਰਵ ਗਰਗ ਨੇ ਦੱਸਿਆ ਕਿ ਜ਼ਿਲੇ੍ਹ ਭਰ ਦੀਆਂ ਦਾਣਾ ਮੰਡੀਆਂ ਅੰਦਰ ਪਿਛਲੇ ਸਾਲ 9 ਲੱਖ 83 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਤੇ ਇਸ ਵਾਰ ਇਹ ਆਮਦ 10 ਲੱਖ ਮੀਟਰਿਕ ਟਨ ਦੇ ਨਜ਼ਦੀਕ ਪੁੱਜਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਜ਼ਿਲੇ੍ਹ ਦੀਆਂ ਕੁਲ 10 ਮਾਰਕੀਟ ਕਮੇਟੀਆਂ ਅਧੀਨ ਪੈਂਦੀਆਂ ਕੁੱਲ 200 ਅਨਾਜ ਮੰਡੀਆਂ ਵਿਚ ਸਫ਼ਾਈ ਵਗ਼ੈਰਾ ਸਮੇਤ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਸਰਕਾਰ ਵਲੋਂ ਕਣਕ ਦਾ ਭਾਅ 2575 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ, ਜਦਕਿ ਕਣਕ ਵਿਚ ਨਮੀਂ ਦੀ ਮਾਤਰਾ 12 ਫ਼ੀਸਦੀ ਹੀ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਖ਼ਰੀਦ ਦੇ ਪਹਿਲੇ ਦਿਨ ਦਾਣਾ ਮੰਡੀਆਂ ਵਿਚ ਕਣਕ ਦੇ ਪੁੱਜਣ ਦੀ ਸੰਭਾਵਨਾ ਘੱਟ ਹੈ, ਪਰ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ/ਕਰਮਚਾਰੀ ਤਿਆਰ ਬਰ ਤਿਆਰ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਸ਼ੱਕ ਮੌਸਮ ਕਾਫੀ ਵਿਗੜਿਆ ਹੋਇਆ ਹੈ, ਪਰ ਉਹ ਕਣਕ ਸੁੱਕੀ ਹੀ ਵੱਢ ਕੇ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਸ ਦੀ ਸਮੇਂ ਸਿਰ ਖ਼ਰੀਦ ਹੋ ਸਕੇ | ਜ਼ਿਲ੍ਹਾ ਮੰਡੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਖ਼ਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਬੇਮੌਸਮੀ ਮੀਂਹ ਅਤੇ ਹਵਾ ਨਾਲ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ <br/> ਅਗਲੀ ਖ਼ਬਰ ਕਿਰਤ ਕੋਡ ਰੱਦ ਕਰਵਾਉਣ ਲਈ ਬਠਿੰਡਾ 'ਚ ਰੋਸ ਪ੍ਰਦਰਸ਼ਨ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।