ਮਹਿਮਾ ਸਰਜਾ (ਬਠਿੰਡਾ), 30 ਮਾਰਚ (ਬਲਦੇਵ ਸੰਧੂ)-ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਇੱਕ ਪਿੰਡ ਦੇ ਸਰਕਾਰੀ ਸਕੂਲ 'ਚ 9ਵੀਂ ਕਲਾਸ ਵਿਚ ਪੜ੍ਹਦੀ ਇੱਕ ਨਬਾਲਗ ਵਿਦਿਆਰਥਣ ਦੇ ਗਰਭਵਤੀ ਹੋਣ ਉਪਰੰਤ ਇੱਕ ਬੱਚੇ ਨੂੰ ਜਨਮ ਦੇਣ ਦਾ ਬਹੁਤ ਹੀ ਸੰਵੇਦਨਸ਼ੀਲ ਅਤੇ ਚਿੰਤਾ ਜਨਕ ਮਾਮਲਾ ਸਾਹਮਣੇ ਆਇਆ ਹੈ | ਪਤਾ ਲੱਗਿਆ ਹੈ ਕਿ ਉਕਤ ਵਿਦਿਆਰਥਣ ਨਾਲ ਸਬੰਧ ਬਣਾਉਣ ਵਾਲਾ ਵੀ ਨਬਾਲਗ ਹੈ, ਜੋ ਉਸ ਦੇ ਹੀ ਪਿੰਡ ਦਾ ਰਹਿਣ ਵਾਲਾ ਹੈ | ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਨੇਹੀਆਂ ਵਾਲਾ ਪੁਲਿਸ ਵਲੋਂ ਪੀੜਤ ਬੱਚੀ ਦੇ ਮਾਤਾ-ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਧਿਕਾਰੀ ਨੇ ਕਿਹਾ ਕਿ ਲੜਕੀ ਅਤੇ ਕਥਿਤ ਦੋਸ਼ੀ ਦੋਵੇਂ ਨਬਾਲਗ ਹੋਣ ਕਾਰਨ ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਗਈ ਹੈ | ਪੀੜਤ ਪਰਿਵਾਰ ਵਲੋਂ ਇਹ ਮਾਮਲਾ ਬਾਲ ਵਿਕਾਸ ਵਿਭਾਗ ਬਠਿੰਡਾ ਦੇ ਧਿਆਨ ਵਿਚ ਲਿਆਂਦਾ ਗਿਆ ਹੈ | ਇਸ ਸੰਬੰਧੀ ਜਦੋਂ ਸਬੰਧਿਤ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੱਤ 'ਤੇ ਸੱਟ ਲੱਗੀ ਹੋਣ ਕਰਕੇ ਉਹ ਛੁੱਟੀ 'ਤੇ ਚੱਲ ਰਹੇ ਹਨ ਅਤੇ ਮਾਮਲੇ ਬਾਰੇ ਕਲਾਸ ਦੇ ਇੰਚਾਰਜ ਹੀ ਜਵਾਬ ਦੇਣਗੇ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਮੈਡਮ ਮਮਤਾ ਖੁਰਾਣਾ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ | ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਚਿੰਤਾ ਦਾ ਮਾਹੌਲ ਹੈ, ਕਿ ਇੱਕ ਸਕੂਲ 'ਚ ਪੜ੍ਹਦੀ ਨਬਾਲਗਾ ਨਾਲ ਐਨੀ ਵੱਡੀ ਗ਼ੈਰ-ਸਮਾਜਿਕ ਘਟਨਾ ਵਾਪਰ ਗਈ ਹੈ ਤੇ ਇਸ ਘਟਨਾ ਨਾਲ ਸਕੂਲ ਪ੍ਰਬੰਧਕਾਂ ਅਤੇ ਬੱਚੀ ਦੇ ਮਾਪਿਆਂ ਦਾ ਗ਼ੈਰ-ਜ਼ਿੰਮੇਵਾਰਨਾ ਪੱਖ ਸਾਹਮਣੇ ਆਇਆ ਹੈ | ਇਸ ਘਟਨਾ ਬਾਅਦ ਲੋਕਾਂ ਵਲੋਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ | ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਇਸ ਮੰਦਭਾਗੀ ਅਤੇ ਗ਼ੈਰ-ਸਮਾਜਿਕ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸ਼ਖ਼ਤ ਤੋਂ ਸ਼ਖ਼ਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ |