ਬਠਿੰਡਾ, 30 ਮਾਰਚ (ਪੱਤਰ ਪ੍ਰੇਰਕ)-ਦੋ ਦਿਨ ਪਹਿਲਾਂ ਭੇਦਭਰੇ ਹਾਲਾਤ ਵਿਚ ਲਾਪਤਾ ਹੋਏ ਇਕ ਨੌਜਵਾਨ ਦੀ ਲਾਸ਼ ਗੋਨਿਆਣਾ ਰੋਡ ਦੀ ਝੀਲ ਨੰਬਰ 2 ਵਿਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸਹਾਰਾ ਜਨ ਸੇਵਾ ਦੀ ਮਦਦ ਨਾਲ ਮਿ੍ਤਕ ਦੀ ਲਾਸ਼ ਨੂੰ ਝੀਲ ਵਿਚ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ਗਿਆ ਹੈ | ਥਾਣਾ ਸੰਗਤ ਦੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ | ਇਸ ਮੌਕੇ ਸਹਾਰਾ ਜਨ ਸੇਵਾ ਦੇ ਮੈਂਬਰਾਂ ਨੇ ਦੱਸਿਆ ਕਿ 50 ਘੰਟੇ ਪਹਿਲਾਂ ਇਕ ਨੌਜਵਾਨ ਆਪਣੀ ਥਾਰ ਵਿਚ ਥਰਮਲ ਝੀਲਾਂ ਦੇ ਕੋਲ ਆਇਆ ਸੀ, ਤੇ ਲਾਪਤਾ ਹੋ ਗਿਆ | ਉਕਤ ਨੌਜਵਾਨ ਦੀ ਪਹਿਚਾਣ ਪਿੰਡ ਭਗਵਾਨਗੜ੍ਹ ਭੁਖਿਆਂਵਾਲੀ ਵਾਸੀ 30 ਸਾਲਾਂ ਬਿਕਰਮਜੀਤ ਸਿੰਘ ਵਜੋਂ ਹੋਈ ਸੀ | ਉਕਤ ਨੌਜਵਾਨ ਦੀ ਭਾਲ ਲਈ ਐਨ.ਡੀ.ਆਰ.ਐਫ., ਪੁਲਿਸ ਅਤੇ ਸਹਾਰਾ ਜਨ ਸੇਵਾ ਤੋਂ ਇਲਾਵਾ ਦੋ ਗੋਤਾਖੋਰ ਪ੍ਰਗਟ ਸਿੰਘ ਅਤੇ ਬਿੰਨੀ ਸਿੰਘ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ | ਪਰ ਅੱਜ ਮਿ੍ਤਕ ਨੌਜਵਾਨ ਦੀ ਲਾਸ਼ ਪਾਣੀ ਉੱਪਰ ਤੈਰ ਕੇ ਰੇਲਵੇ ਲਾਈਨਾਂ ਦੇ ਵੱਲ ਆ ਗਈ | ਪੁਲਿਸ ਨੇ ਇਸ ਮਾਮਲੇ ਦੀ ਸੂਚਨਾ ਸਹਾਰਾ ਸੰਸਥਾ ਨੂੰ ਦਿੱਤੀ ਗਈ | ਸੰਸਥਾ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਮਿ੍ਤਕ ਦੀ ਲਾਸ਼ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਈ ਗਈ ਹੈ | ਉੱਧਰ ਇਸ ਮਾਮਲੇ ਵਿਚ ਥਾਣਾ ਸੰਗਤ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਦੱਸਣਾ ਬਣਦਾ ਹੈ, ਕਿ ਮਿ੍ਤਕ ਨੌਜਵਾਨ ਬਿਕਰਮਜੀਤ ਸਿੰਘ ਪਿੰਡ ਭਗਵਾਨਗੜ੍ਹ ਭੁੱਖਿਆਂਵਾਲੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਉਹ ਲੁਧਿਆਣਾ ਦੇ ਇਕ ਸਹਿਕਾਰੀ ਬੈਂਕ ਵਿਚ ਕੰਮ ਕਰਦਾ ਹੋਣ ਕਾਰਨ ਅਜੇ ਅਣਵਿਆਹਿਆ ਸੀ |