ਮੌੜ ਮੰਡੀ, 30 ਮਾਰਚ (ਗੁਰਜੀਤ ਸਿੰਘ ਕਮਾਲੂ)-ਪਿੰਡ ਕਮਾਲੂ ਸਵੈਚ ਦੀ ਸਹਿਕਾਰੀ ਸਭਾ ਦੀ ਚੋਣ ਬੀਤੇ ਦਿਨੀਂ ਕੀਤੀ ਗਈ | ਇਸ ਚੋਣ ਵਿਚ ਧੱਕੇਸ਼ਾਹੀ ਦਾ ਇਲਜ਼ਾਮ ਲਗਾਉਂਦੇ ਹੋਏ ਅਕਾਲੀ ਦਲ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੋਣ ਵਿਚ ਭਾਗ ਹੀ ਨਹੀਂ ਲੈਣ ਦਿੱਤਾ ਗਿਆ ਅਤੇ ਸੱਤਾਧਾਰੀ ਧਿਰ ਤੇ ਮੈਂਬਰਾਂ ਨੂੰ ਇਕਤਰਫ਼ਾ ਹੀ ਜੇਤੂ ਐਲਾਨ ਦਿੱਤਾ ਗਿਆ | ਅਕਾਲੀ ਦਲ ਦੇ ਸਰਕਲ ਜੋਧਪੁਰ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਹਨੀ ਨੇ ਕਿਹਾ ਕਿ ਚੋਣ ਸਮੇਂ ਅਕਾਲੀ ਦਲ ਦੇ ਮੈਂਬਰਾਂ ਨੂੰ ਪੁਲਿਸ ਵਲੋਂ ਸਹਿਕਾਰੀ ਸਭਾ ਵਿਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਗਿਆ, ਸਗੋਂ ਉਨ੍ਹਾਂ ਨੂੰ ਗੇਟ ਬੰਦ ਕਰਕੇ ਬਾਹਰ ਹੀ ਰੋਕ ਲਿਆ ਗਿਆ, ਜਿਸ ਕਾਰਨ ਅਕਾਲੀ ਦਲ ਨਾਲ ਸਬੰਧਿਤ ਮੈਂਬਰ ਇਸ ਚੋਣ ਵਿਚ ਹਿੱਸਾ ਨਹੀਂ ਲੈ ਸਕੇ | ਉਨ੍ਹਾਂ ਦੱਸਿਆ ਕਿ ਚੋਣ ਲਈ ਤੈਅ ਸਮੇਂ ਤੱਕ ਉਨ੍ਹਾਂ ਦੇ ਮੈਂਬਰਾਂ ਦੇ ਕਾਗਜ਼ਾਤ ਫੜੇ ਹੀ ਨਹੀਂ ਗਏ, ਸਗੋਂ ਚੋਣ ਅਧਿਕਾਰੀ ਵਲੋਂ ਸੱਤਾਧਾਰੀ ਧਿਰ ਨਾਲ ਸਬੰਧਿਤ ਮੈਂਬਰਾਂ ਨੂੰ ਹੀ ਚੁਣ ਕੇ ਉਨ੍ਹਾਂ ਵਿਚੋਂ ਹੀ ਪ੍ਰਧਾਨ ਚੁਣ ਦਿੱਤਾ ਗਿਆ | ਅੰਮਿ੍ਤਪਾਲ ਸਿੰਘ ਹਨੀ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਚੋਣ ਨੂੰ ਦੁਬਾਰਾ ਕਰਵਾਇਆ ਜਾਵੇ | ਜਦ ਇਸ ਮਾਮਲੇ ਦੇ ਸਬੰਧ ਵਿਚ ਚੋਣ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |