ਭੁੱਚੋ ਮੰਡੀ, 26 ਮਾਰਚ (ਪਰਵਿੰਦਰ ਸਿੰਘ ਜੌੜਾ): ਪੰਜਾਬੀ ਪੱਤਰਕਾਰੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਜਰਨਲਿਸਟਸ ਯੂਨੀਅਨ ਦੀ ਕੌਮੀ ਪ੍ਰਧਾਨਗੀ ਪਹਿਲੀ ਵਾਰ ਪੰਜਾਬ ਦੇ ਹਿੱਸੇ ਆਈ ਹੈ | ਨਵੇਂ ਚੁਣੇ ਗਏ ਕੌਮੀ ਪ੍ਰਧਾਨ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਇੰਡੀਅਨ ਜਰਨਲਿਸਟਸ ਯੂਨੀਅਨ (ਆਈ.ਜੇ.ਯੂ) ਦੀ 11ਵੀਂ ਪਲੈਨਰੀ ਜੋ ਕਿ 28-29 ਮਾਰਚ ਨੂੰ ਵਿਜੇਵਾੜਾ (ਅਮਰਾਵਤੀ) (ਆਂਧਰਾ ਪ੍ਰਦੇਸ਼) ਵਿਖੇ ਹੋਣ ਜਾ ਰਹੀ ਹੈ, ਦੌਰਾਨ ਆਪਣਾ ਅਹੁਦਾ ਸੰਭਾਲਣਗੇ | ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਕੌਂਸਲ ਮੈਂਬਰ ਸੁਖਨੈਬ ਸਿੰਘ ਸਿੱਧੂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ ਅਤੇ ਪਹਿਲੇ ਸੈਸ਼ਨ ਦਾ ਉਦਘਾਟਨ ਕਰਨਗੇ | ਉਨ੍ਹਾਂ ਦੱਸਿਆ ਕਿ ਕਈ ਕੇਂਦਰੀ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਮੰਤਰੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ | ਆਂਧਰਾ ਪ੍ਰਦੇਸ਼ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ 34 ਸਾਲ ਬਾਅਦ ਆਈ.ਜੇ.ਯੂ ਪਲੈਨਰੀ ਦੀ ਮੇਜ਼ਬਾਨੀ ਕਰ ਰਹੀ ਹੈ | ਇਸ ਪਲੈਨਰੀ ਵਿਚ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ, ਸਕੱਤਰ ਜਨਰਲ ਸੰਤੋਖ ਗਿੱਲ, ਬਿੰਦੂ ਸਿੰਘ, ਭੂਸ਼ਨ ਸੂਦ, ਦਵਿੰਦਰ ਸਿੰਘ ਭੰਗੂ, ਰਾਜਨ ਮਾਨ, ਸੁਖਨੈਬ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਕਪੂਰਥਲਾ ਪੰਜਾਬ ਦੀ ਨੁਮਾਇੰਦਗੀ ਕਰਨਗੇ | ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ 1992 ਵਿਚ ਵਿਜੇਵਾੜਾ ਵਿਖੇ ਦੂਜੀ ਆਈ.ਜੇ.ਯੂ ਦੀ ਪਲੈਨਰੀ ਹੋਈ ਸੀ | 25 ਰਾਜਾਂ ਦੀਆਂ ਐਫੀਲੀਏਟਿਡ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦੇ, ਸੂਬਾਈ ਪ੍ਰਧਾਨ ਅਤੇ ਜਨਰਲ ਸਕੱਤਰ ਇਸ ਪਲੈਨਰੀ ਵਿਚ ਭਾਗ ਲੈਣਗੇ | ਪਲੈਨਰੀ ਵਿਚ ਪੇਸ਼ੇਵਾਰ ਮੁੱਦਿਆਂ, ਭਾਰਤ ਵਿਚ ਮੀਡੀਆ ਦੀ ਮੌਜੂਦਾ ਸਥਿਤੀ, ਮੀਡੀਆ ਦੀ ਆਜ਼ਾਦੀ ਉੱਪਰ ਹਾਲੀਆ ਖ਼ਤਰਿਆਂ ਤੋਂ ਇਲਾਵਾ ਜਥੇਬੰਦਕ ਮਾਮਲਿਆਂ 'ਤੇ ਵੀ ਚਰਚਾ ਹੋਵੇਗੀ | ਕਾਨਫ਼ਰੰਸ ਵਿਚ ਪੱਤਰਕਾਰਾਂ ਦੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਯੋਜਨਾਬੰਦੀ ਤਿਆਰ ਕੀਤੀ ਜਾਵੇਗੀ, ਜਿਸ ਵਿਚ ਪੇਸ਼ੇਵਾਰ ਅਤੇ ਪੱਤਰਕਾਰਾਂ ਦੀ ਭਲਾਈ ਲਈ ਯੋਜਨਾਵਾਂ ਅਤੇ ਉਪਾਅ ਸ਼ਾਮਲ ਹੋਣਗੇ | ਪਲੈਨਰੀ ਵਿਚ ਅਗਲੇ ਦੋ ਸਾਲਾਂ ਲਈ ਨਵੀਂ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ | ਇਸ ਮੌਕੇ ਨਵੇਂ ਚੁਣੇ ਗਏ ਸਕੱਤਰ ਜਨਰਲ ਡੀ. ਸੋਮ ਸੁੰਦਰ ਵੀ ਆਪਣਾ ਕਾਰਜਭਾਰ ਸੰਭਾਲਣਗੇ |