14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸ਼ਹਿਰੀ ਹਲਕੇ ਵਿਚ ਨਰਿੰਦਰ ਸਿੰਘ ਸੰਧਾ ਦੀ ਐਂਟਰੀ ਨੇ ਬਦਲੇ ਸਿਆਸੀ ਸਮੀਕਰਨ ਕੁਲਬੀਰ ਸਿੰਘ ਸੋਢੀ

ਫ਼ਿਰੋਜ਼ਪੁਰ, 13 ਨਵੰਬਰ-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦੀ ਪ੍ਰਕਿਰਿਆ ਦਰਮਿਆਨ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸਿਆਸਤ ਵਿਚ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਵਲੋਂ ਜਾਰੀ ਕੀਤੀ ਗਈ ਦੂਜੀ ਸੂਚੀ ਵਿਚ ਵੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸੇ ਸੰਭਾਵੀ ਉਮੀਦਵਾਰ ਦਾ ਨਾਮ ਸ਼ਾਮਲ ਨਾ ਹੋਣ ਕਾਰਨ ਟਿਕਟ ਦੀ ਉਮੀਦ ਲਗਾਈ ਬੈਠੇ ਸੰਭਾਵੀ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।

ਅਜੀਤ ਡੈਸਕ 14-11-2026
ਫ਼ਿਰੋਜ਼ਪੁਰ, 13 ਨਵੰਬਰ-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਦੀ ਪ੍ਰਕਿਰਿਆ ਦਰਮਿਆਨ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸਿਆਸਤ ਵਿਚ ਵੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਵਲੋਂ ਜਾਰੀ ਕੀਤੀ ਗਈ ਦੂਜੀ ਸੂਚੀ ਵਿਚ ਵੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਿਸੇ ਸੰਭਾਵੀ ਉਮੀਦਵਾਰ ਦਾ ਨਾਮ ਸ਼ਾਮਲ ਨਾ ਹੋਣ ਕਾਰਨ ਟਿਕਟ ਦੀ ਉਮੀਦ ਲਗਾਈ ਬੈਠੇ ਸੰਭਾਵੀ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਖ਼ਾਸ ਕਰਕੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਟਿਕਟ ਦੇ ਚਾਹਵਾਨਾਂ ਦੀ ਲੰਮੀ ਕਤਾਰ ਹੋਣ ਕਾਰਨ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੇ ਕਿਆਸ-ਅਰਾਈਆਂ ਦਾ ਬਾਜ਼ਾਰ ਗਰਮ ਹੈ। ਪਹਿਲਾਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਅਤੇ ਹੁਣ ਦੂਜੀ ਸੂਚੀ ਵਿਚ ਵੀ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ ਜਗ੍ਹਾ ਨਾ ਮਿਲਣ ਕਾਰਨ ਸਥਾਨਕ ਆਗੂਆਂ ਲਈ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ। ਜਿਹੜੇ ਆਗੂ ਪਿਛਲੇ ਕਾਫ਼ੀ ਸਮੇਂ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਇਸ ਦਰਮਿਆਨ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਪਾਰਟੀ ਦੇ ਸਟੇਟ ਜੁਆਇੰਟ ਸਕੱਤਰ ਨਰਿੰਦਰ ਸਿੰਘ ਸੰਧਾ ਦੀ ਚੋਣ ਮੈਦਾਨ ਵਿਚ ਐਂਟਰੀ ਨੇ ਟਿਕਟ ਦੀ ਦੌੜ ਵਿਚ ਸ਼ਾਮਲ ਹੋਰਨਾਂ ਸੰਭਾਵੀ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਦੀ ਆਮਦ ਨੂੰ ਸ਼ਹਿਰੀ ਹਲਕੇ ਦੇ ਬਦਲਦੇ ਸਿਆਸੀ ਸਮੀਕਰਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿਆਸੀ ਚਰਚਾਵਾਂ ਅਨੁਸਾਰ ਨਰਿੰਦਰ ਸੰਧਾ ਦੀ ਦਾਅਵੇਦਾਰੀ ਸਾਹਮਣੇ ਆਉਣ ਤੋਂ ਬਾਅਦ ਕੁਝ ਅਜਿਹੇ ਆਗੂਆਂ ਵਿਚ ਵੀ ਬੇਚੈਨੀ ਪੈਦਾ ਹੋਈ ਹੈ, ਜੋ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਮੰਨ ਕੇ ਚੱਲ ਰਹੇ ਸਨ। ਇਸ ਸਾਰੇ ਮਾਮਲੇ ਵਿਚ ਸਭ ਤੋਂ ਦਿਲਚਸਪ ਪੱਖ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਾ ਵੀ ਚਰਚਾ ਵਿੱਚ ਆਉਣਾ ਹੈ। ਸਿਆਸੀ ਹਲਕਿਆਂ ਵਿਚ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਪਾਰਟੀ ਵਲੋਂ ਟਿਕਟਾਂ ਦੀ ਵੰਡ ਸਮੇਂ ਉਨ੍ਹਾਂ ਆਗੂਆਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਕੋਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਹੈ ਅਤੇ ਜਿਹੜੇ ਲੰਮੇ ਸਮੇਂ ਤੋਂ ਸੰਗਠਨ ਨਾਲ ਜੁੜ ਕੇ ਕੰਮ ਕਰ ਰਹੇ ਹਨ। ਇਸ ਚਰਚਾ ਨੇ ਉਨ੍ਹਾਂ ਸੰਭਾਵੀ ਉਮੀਦਵਾਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਜਿਨ੍ਹਾਂ ਦੀ ਪਾਰਟੀ ਨਾਲ ਪੁਰਾਣੀ ਸੰਗਠਨਾਤਮਕ ਸਾਂਝ ਬਾਰੇ ਸਵਾਲ ਉੱਠ ਰਹੇ ਹਨ। ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੀ ਸਿਆਸੀ ਤਸਵੀਰ ਵੀ ਕਾਫ਼ੀ ਦਿਲਚਸਪ ਬਣੀ ਹੋਈ ਹੈ। ਇੱਥੋਂ ਟਿਕਟ ਮੰਗਣ ਵਾਲੇ ਆਗੂਆਂ ਦੀ ਗਿਣਤੀ ਲਗਾਤਾਰ ਚਰਚਾ ਵਿਚ ਹੈ। ਕੋਈ ਆਪਣੀ ਪੁਰਾਣੀ ਪਾਰਟੀ ਸੇਵਾ ਨੂੰ ਦਾਅਵੇਦਾਰੀ ਦਾ ਆਧਾਰ ਬਣਾ ਰਿਹਾ ਹੈ, ਕੋਈ ਲੋਕਾਂ ਵਿਚ ਆਪਣੀ ਪਕੜ ਅਤੇ ਸਮਾਜਿਕ ਸਰਗਰਮੀਆਂ ਦਾ ਹਵਾਲਾ ਦੇ ਰਿਹਾ ਹੈ, ਜਦਕਿ ਕੁਝ ਆਗੂ ਪਾਰਟੀ ਦੀ ਸਰਕਾਰ ਦੌਰਾਨ ਕੀਤੇ ਗਏ ਕੰਮਾਂ ਅਤੇ ਆਪਣੇ ਸਿਆਸੀ ਸੰਪਰਕਾਂ ਨੂੰ ਆਪਣੀ ਤਾਕਤ ਵਜੋਂ ਪੇਸ਼ ਕਰ ਰਹੇ ਹਨ। ਦੂਜੇ ਪਾਸੇ, ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਵੱਖ-ਵੱਖ ਜਨਤਕ ਥਾਵਾਂ ’ਤੇ ਸੰਭਾਵੀ ਉਮੀਦਵਾਰਾਂ ਦੇ ਪੋਸਟਰਾਂ ਅਤੇ ਬੈਨਰਾਂ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਇਸਦੇ ਨਾਲ ਸਮਾਜਿਕ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਮੂਲੀਅਤ ਰਾਹੀਂ ਵੀ ਕਈ ਦਾਅਵੇਦਾਰ ਆਪਣੇ ਹੱਕ ਵਿਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਹਾਲ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸੇ ਵੀ ਆਗੂ ਦਾ ਨਾਮ ਦੂਜੀ ਸੂਚੀ ਵਿਚ ਨਾ ਆਉਣਾ, ਨਰਿੰਦਰ ਸੰਧੂ ਦੀ ਸ਼ਹਿਰੀ ਹਲਕੇ ਵਿਚ ਐਂਟਰੀ ਅਤੇ ਟਿਕਟ ਦੇ ਦਾਅਵੇਦਾਰਾਂ ਦੀ ਵਧਦੀ ਗਿਣਤੀ ਨੇ ਸਥਾਨਕ ਸਿਆਸਤ ਨੂੰ ਨਵੀਂ ਚਰਚਾ ਦੇ ਕੇਂਦਰ ਵਿਚ ਲਿਆ ਖੜ੍ਹਾ ਕੀਤਾ ਹੈ। ਹੁਣ ਸਭ ਦੀਆਂ ਨਜ਼ਰਾਂ ਪਾਰਟੀ ਹਾਈਕਮਾਂਡ ਦੇ ਅਗਲੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।
ਪਿਛਲੀ ਖ਼ਬਰ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਵਰਗ ਦੀ ਵਧੀ ਪ੍ਰੇਸ਼ਾਨੀ ਅਗਲੀ ਖ਼ਬਰ ਐੱਨ.ਐੱਚ.ਐੱਮ. ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਜਾਰੀ, ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।