ਚੋਰੀਆਂ ਅਤੇ ਸਨੈਚਿੰਗ ਕਰਨ ਵਾਲਿਆਂ ’ਤੇ ਫ਼ਿਰੋਜ਼ਪੁਰ ਪੁਲਿਸ ਦਾ ਸ਼ਿਕੰਜਾ-6 ਮੁਲਜ਼ਮ ਕਾਬੂ
ਸੋਨਾ-ਚਾਂਦੀ ਦੇ ਗਹਿਣੇ, 5 ਮੋਬਾਈਲ, 3 ਮੋਟਰਸਾਈਕਲ ਅਤੇ 150 ਗੱਟੂ ਚਾਈਨਾ ਡੋਰ ਬਰਾਮਦ
ਫ਼ਿਰੋਜ਼ਪੁਰ, 4 ਨਵੰਬਰ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਅਤੇ ਸਨੈਚਿੰਗ ਕੀਤੇ ਸੋਨੇ-ਚਾਂਦੀ ਦੇ ਗਹਿਣੇ, 5 ਮੋਬਾਈਲ ਫ਼ੋਨ, 3 ਮੋਟਰਸਾਈਕਲ ਅਤੇ ਪਾਬੰਦੀਸ਼ੁਦਾ ਚਾਈਨਾ ਡੋਰ ਦੇ 150 ਗੱਟੂ ਬਰਾਮਦ ਕੀਤੇ ਹਨ।
ਫ਼ਿਰੋਜ਼ਪੁਰ, 4 ਨਵੰਬਰ (ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਅਤੇ ਸਨੈਚਿੰਗ ਕੀਤੇ ਸੋਨੇ-ਚਾਂਦੀ ਦੇ ਗਹਿਣੇ, 5 ਮੋਬਾਈਲ ਫ਼ੋਨ, 3 ਮੋਟਰਸਾਈਕਲ ਅਤੇ ਪਾਬੰਦੀਸ਼ੁਦਾ ਚਾਈਨਾ ਡੋਰ ਦੇ 150 ਗੱਟੂ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ.ਐੱਚ.ਓ. ਸੁਖਚੈਨ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ. ਸਿਟੀ ਅਤੇ ਐੱਸ.ਪੀ. (ਡੀ) ਦੀ ਨਿਗਰਾਨੀ ਹੇਠ ਅਪਰਾਧਿਕ ਅਨਸਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਕਾਬੂ ਕਰਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਸੂਰਜ, ਸਾਗਰ, ਸ੍ਰੀ ਰਾਮ ਅਤੇ ਪਾਸੀਆ ਸਬੰਧੀ ਮਿਲੀ ਮੁਖ਼ਬਰੀ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਗਈ। ਇਨ੍ਹਾਂ ਪਾਸੋਂ ਪਿੰਡ ਕਿੱਲਾ, ਥਾਣਾ ਸਦਰ ਦੇ ਇਲਾਕੇ ਵਿਚੋਂ ਚੋਰੀ ਕੀਤੇ ਸੋਨੇ ਦੇ ਝੁਮਕਿਆਂ ਦਾ ਜੋੜਾ, ਸੋਨੇ ਦੀ ਮੁੰਦਰੀ, ਚਾਂਦੀ ਦੀਆਂ ਪੰਜੇਬਾਂ ਦਾ ਜੋੜਾ, ਚਾਂਦੀ ਦਾ ਕੜਾ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਐੱਸ.ਐੱਚ.ਓ. ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਹੋਰ ਵਾਰਦਾਤਾਂ ਅਤੇ ਬਰਾਮਦਗੀਆਂ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੂਰਜ ਪਹਿਲਾਂ ਵੀ ਕਈ ਮਾਮਲਿਆਂ ਵਿਚ ਲੋੜੀਂਦਾ ਰਿਹਾ ਹੈ। ਇਸੇ ਤਰ੍ਹਾਂ ਦੂਜੀ ਕਾਰਵਾਈ ਵਿਚ ਸੂਰਜ ਪੁੱਤਰ ਪੱਪੂ ਵਾਸੀ ਰੇਲਵੇ ਸਟੇਸ਼ਨ ਨੇੜੇ, ਫ਼ਿਰੋਜ਼ਪੁਰ ਸ਼ਹਿਰ ਅਤੇ ਗੈਵੀ ਪੁੱਤਰ ਗੁਲਾਮਾਂ ਵਾਸੀ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਪਾਸੋਂ ਵੱਖ-ਵੱਖ ਥਾਵਾਂ ਤੋਂ ਖੋਹੇ ਗਏ 5 ਮੋਬਾਈਲ ਫ਼ੋਨ ਅਤੇ ਚੋਰੀ ਕੀਤੇ 3 ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਦਵਿੰਦਰ ਸਿੰਘ ਪੁੱਤਰ ਹਰ ਸਤਵੰਤ ਸਿੰਘ ਵਾਸੀ ਫ਼ਿਰੋਜ਼ਪੁਰ ਸ਼ਹਿਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਚਾਈਨਾ ਡੋਰ ਦੇ 150 ਗੱਟੂ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 378 ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਵਿਅਕਤੀਆਂ ਅਤੇ ਗੈਰ-ਕਾਨੂੰਨੀ ਧੰਦੇ ਕਰਨ ਵਾਲਿਆਂ ਖ਼ਿਲਾਫ਼ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।