ਪੰਜਾਬ ਦੇ ਬਦਤਰ ਬਣੇ ਹਾਲਾਤਾਂ ਤੋਂ ਡਰ ਰਹੇ ਆਮ ਲੋਕ ਅਤੇ ਵਪਾਰੀ ਵਰਗ- ਸਾਮਾਂ, ਬਰਾੜ, ਖੋਸਾ
ਮੁੱਦਕੀ, 16 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਵੱਧ ਰਹੇ ਅਪਰਾਧ, ਨਸ਼ਿਆਂ ਦੀ ਵਿੱਕਰੀ ਅਤੇ ਗੈਂਗਸਟਰਵਾਦ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਹੈ ਕਿ ਸੂਬੇ ਵਿਚ ਕੋਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਅਤੇ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਅਤੇ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂਆਂ ਚਰਨਜੀਤ ਸਿੰਘ ਸਾਮਾਂ ਚੰਦੜ, ਕੁਲਦੀਪ ਸਿੰਘ ਬਰਾੜ ਅਤੇ ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ ਨੇ ਕੀਤਾ।
ਮੁੱਦਕੀ, 16 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਵੱਧ ਰਹੇ ਅਪਰਾਧ, ਨਸ਼ਿਆਂ ਦੀ ਵਿੱਕਰੀ ਅਤੇ ਗੈਂਗਸਟਰਵਾਦ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਹੈ ਕਿ ਸੂਬੇ ਵਿਚ ਕੋਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਅਤੇ ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ ਅਤੇ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂਆਂ ਚਰਨਜੀਤ ਸਿੰਘ ਸਾਮਾਂ ਚੰਦੜ, ਕੁਲਦੀਪ ਸਿੰਘ ਬਰਾੜ ਅਤੇ ਗੁਰਲਾਲ ਸਿੰਘ ਖੋਸਾ ਸਾਬਕਾ ਸਰਪੰਚ ਨੇ ਕੀਤਾ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵਲੋਂ ਸ਼ਰੇਆਮ ਗੋਲੀਆਂ ਚਲਾਉਣ, ਕਤਲ ਕਰਨ ਤੇ ਲੁੱਟ-ਖੋਹ ਕਰਨ ਦੀਆਂ ਘਟਨਾਵਾਂ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਲੱਗੇ ਵੀ ਡਰਦੇ ਹਨ। ਵਪਾਰੀਆਂ, ਡਾਕਟਰਾਂ ਤੇ ਅਮੀਰ ਲੋਕਾਂ ਤੋਂ ਫਿਰੌਤੀਆਂ ਮੰਗੀਆਂ ਜਾਂਦੀਆਂ ਹਨ, ਜਿਸ ਕਾਰਨ ਕਾਰੋਬਾਰੀ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਨੌਜਵਾਨ ਮੋਬਾਈਲ ਖੋਹਣ, ਚੇਨ ਸਨੈਚਿੰਗ ਤੇ ਘਰਾਂ ਵਿਚ ਚੋਰੀਆਂ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਦੇ ਟੋਲੇ ਆਮ ਜਨਤਕ ਥਾਵਾਂ ’ਤੇ ਬੈਠੇ ਰਹਿੰਦੇ ਹਨ, ਜਿਸ ਕਾਰਨ ਔਰਤਾਂ ਤੇ ਬੱਚਿਆਂ ਦਾ ਇਕੱਲੇ ਬਾਹਰ ਨਿਕਲਣਾ ਦੁੱਭਰ ਹੋ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਹਰ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਕਿ ਕਿਤੇ ਉਨ੍ਹਾਂ ਦੇ ਬੱਚੇ ਗਲਤ ਸੰਗਤ ਜਾਂ ਨਸ਼ਿਆਂ ਦੀ ਦਲਦਲ ਵਿਚ ਨਾ ਫਸ ਜਾਣ। ਚੰਦੜ, ਬਰਾੜ ਤੇ ਖੋਸਾ ਨੇ ਕਿਹਾ ਕਿ ਪੰਜਾਬ ਵਾਸੀ ਬੜੀ ਬੇਸਬਰੀ ਨਾਲ 2027 ਦੀਆਂ ਚੋਣਾਂ ਨੂੰ ਉਡੀਕ ਰਹੇ ਹਨ ਤੇ ਇਸ ਵਾਰ ਪੰਜਾਬ ਦੇ ਵੋਟਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲਿਆ ਕੇ ਆਮ ਆਦਮੀ ਪਾਰਟੀ ਨੂੰ ਸੂਬੇ ’ਚੋਂ ਚੱਲਦਾ ਕਰਨਗੇ।