ਈ-ਚਲਾਨ ਦਾ ਮੈਸੇਜ ਬਣਿਆ ਸਾਈਬਰ ਠੱਗੀ ਦਾ ਜਾਲ, ਐਪ ਇੰਸਟਾਲ ਹੁੰਦੇ ਹੀ 5.75 ਲੱਖ ਰੁਪਏ ਉੱਡੇ
ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਈ-ਚਲਾਨ ਨਾਲ ਸਬੰਧਿਤ ਫ਼ਰਜ਼ੀ ਮੈਸੇਜ ਭੇਜ ਕੇ ਮੋਬਾਈਲ ’ਚ ਖ਼ਤਰਨਾਕ ਐਪ ਇੰਸਟਾਲ ਕਰਵਾਉਣ ਅਤੇ ਰਿਮੋਟ ਐਕਸੈੱਸ ਹਾਸਲ ਕਰਕੇ ਇਕ ਵਿਅਕਤੀ ਦੇ ਦੋ ਬੈਂਕ ਖਾਤਿਆਂ ’ਚੋਂ 5. 75 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਈ-ਚਲਾਨ ਨਾਲ ਸਬੰਧਿਤ ਫ਼ਰਜ਼ੀ ਮੈਸੇਜ ਭੇਜ ਕੇ ਮੋਬਾਈਲ ’ਚ ਖ਼ਤਰਨਾਕ ਐਪ ਇੰਸਟਾਲ ਕਰਵਾਉਣ ਅਤੇ ਰਿਮੋਟ ਐਕਸੈੱਸ ਹਾਸਲ ਕਰਕੇ ਇਕ ਵਿਅਕਤੀ ਦੇ ਦੋ ਬੈਂਕ ਖਾਤਿਆਂ ’ਚੋਂ 5.75 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਈਬਰ ਕ੍ਰਾਈਮ ਫ਼ਿਰੋਜ਼ਪੁਰ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਤੇਜਬੀਰ ਸਿੰਘ ਸੰਧੂ ਵਾਸੀ ਨਿਊ ਮਾਡਲ ਟਾਊਨ ਫ਼ਿਰੋਜ਼ਪੁਰ ਦੇ ਮੋਬਾਈਲ ਨੰਬਰ ’ਤੇ 12 ਅਗਸਤ ਨੂੰ ਇਕ ਅਣਪਛਾਤੇ ਨੰਬਰ ਤੋਂ ਈ-ਚਲਾਨ ਨਾਲ ਸਬੰਧਿਤ ਮੈਸੇਜ ਆਇਆ। ਮੈਸੇਜ ਵੇਖਣ ਤੋਂ ਬਾਅਦ ਉਸ ਦੇ ਮੋਬਾਈਲ ਵਿਚ ਆਪਣੇ ਆਪ ਇਕ ਐਪ ਇੰਸਟਾਲ ਹੋਣ ਲੱਗੀ। ਐਪ ਸਕਰੀਨ ’ਤੇ ਦਿਖਾਈ ਦਿੰਦੇ ਹੀ ਉਸ ਨੇ ਤੁਰੰਤ ਉਸ ਨੂੰ ਡਿਲੀਟ ਕਰ ਦਿੱਤਾ। ਉਸ ਸਮੇਂ ਨਾ ਤਾਂ ਕੋਈ ਓ.ਟੀ.ਪੀ ਆਇਆ ਅਤੇ ਨਾ ਹੀ ਕੋਈ ਹੋਰ ਲਿੰਕ ਪ੍ਰਾਪਤ ਹੋਇਆ। ਸ਼ਿਕਾਇਤਕਰਤਾ ਅਨੁਸਾਰ ਕਰੀਬ ਇਕ ਹਫ਼ਤੇ ਬਾਅਦ 18 ਅਗਸਤ ਨੂੰ ਉਸ ਦੇ ਮੋਬਾਈਲ ’ਤੇ ਕਾਲਾਂ ਆਉਣੀਆਂ ਬੰਦ ਹੋ ਗਈਆਂ। ਜਦੋਂ ਉਸ ਨੇ ਰੀਚਾਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਆਈ.ਡੀ.ਬੀ.ਆਈ ਬੈਂਕ ਖਾਤੇ ’ਚੋਂ 7 ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ 5,61,744 ਰੁਪਏ ਕਢਵਾਏ ਜਾ ਚੁੱਕੇ ਸਨ। ਇਸ ਤੋਂ ਇਲਾਵਾ ਪੀ.ਐਨ.ਬੀ. ਬੈਂਕ ਦੇ ਖਾਤੇ ’ਚੋਂ ਵੀ ਇਕ ਟਰਾਂਜ਼ੈਕਸ਼ਨ ਰਾਹੀਂ 14,000 ਰੁਪਏ ਕਢਵਾਏ ਗਏ। ਇਸ ਤਰ੍ਹਾਂ ਕੁੱਲ 5,75,744 ਰੁਪਏ ਦੀ ਆਨਲਾਈਨ ਧੋਖਾਧੜੀ ਹੋਈ। ਸ਼ਿਕਾਇਤਕਰਤਾ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਮੋਬਾਈਲ ਦਾ ਨੈੱਟਵਰਕ ਵੀ ਪੂਰੀ ਤਰ੍ਹਾਂ ਬੰਦ ਸੀ ਤੇ ਉਸ ਨੂੰ ਸ਼ੱਕ ਹੋਇਆ ਕਿ ਮੋਬਾਈਲ ਵਿਚ ਇੰਸਟਾਲ ਹੋਈ ਐਪ ਰਾਹੀਂ ਰਿਮੋਟ ਐਕਸੈੱਸ ਹਾਸਲ ਕੀਤਾ ਗਿਆ ਹੋ ਸਕਦਾ ਹੈ। ਸ਼ਿਕਾਇਤਕਰਤਾ ਵਲੋਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਥਾਣਾ ਸਾਈਬਰ ਕ੍ਰਾਈਮ ਦੀ ਮੁਖੀ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਥਾਣਾ ਸਾਈਬਰ ਕ੍ਰਾਈਮ ਫ਼ਿਰੋਜ਼ਪੁਰ ’ਚ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਧੋਖਾਧੜੀ ਨਾਲ ਸਬੰਧਿਤ ਤੱਥਾਂ ਅਤੇ ਟਰਾਂਜ਼ੈਕਸ਼ਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।