ਜ਼ੀਰਾ,30 ਜੁਲਾਈ (ਰਜਨੀਸ਼ ਕਥੂਰੀਆ)- ਜ਼ੀਰਾ ਤਹਿਸੀਲ ਵਿਚ ਇਕ ਅਜਿਹਾ ਸਕੂਲ ਵੀ ਹੈ, ਜਿੱਥੇ ਅਧਿਆਪਕਾਂ ਦੀ ਤਨਖਾਹ ਘੱਟ ਅਤੇ ਦਰਜਾ ਚਾਰ ਮੁਲਾਜਮਾਂ ਦੀ ਤਨਖਾਹ ਵੱਧ ਹੈ। ਇਹ ਪੜ੍ਹ ਕੇ ਸ਼ਾਇਦ ਤੁਹਾਡੇ ਦਿਮਾਗ ਨੂੰ ਝਟਕਾ ਲੱਗਾ ਹੋਵੇਗਾ ਪਰ ਇਹ ਬਿਲਕੁੱਲ ਸੱਚਾਈ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਪੀ.ਪੀ.ਪੀ.ਸਕੀਮ ਦੇ ਤਹਿਤ ਪੰਜਾਬ ਦਾ ਸ਼ਾਇਦ ਇਹ ਇਕਲੌਤਾ ਸਕੂਲ ਹੋਵੇ ਜਿੱਥੇ ਅਧਿਆਪਕਾਂ ਨੂੰ ਏਨੀ ਘੱਟ ਤਨਖਾਹ ਮਿਲਦੀ ਹੋਵੇ। ਜ਼ੀਰਾ ਤਹਿਸੀਲ ਦੇ ਪਿੰਡ ਹਰਦਾਸਾ ਵਿਖੇ ਸਥਿਤ ਆਦਰਸ਼ ਸਕੂਲ ਦੇ ਅਧਿਆਪਕਾਂ ਕੁਲਵਿੰਦਰ ਕੌਰ ਹਰਦਾਸਾ, ਸੁਖਦੀਪ ਕੌਰ ਸਰਾਂ, ਮਨਪ੍ਰੀਤ ਕੌਰ ਗਗੜਾ, ਰਜਵੰਤ ਕੌਰ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਆਦਰਸ਼ ਸਕੂਲ ਹਰਦਾਸਾ ਵਿਖੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ, ਪਰ ਅਫਸੋਸ ਕਿ ਉਹਨਾਂ ਦੀ ਤਨਖਾਹ ਸਕੂਲ ਦੇ ਦਰਜਾ ਚਾਰ ਮੁਲਾਜਮਾਂ ਤੋਂ ਵੀ ਘੱਟ ਹੈ। ਅਧਿਆਪਕਾਂ ਨੇ ਦੱਸਿਆ ਕਿ ਉਹ ਐਮ. ਏ.,ਬੀ.ਐਡ. ਕਰਕੇ 10,300 ਰੁਪਏ ਮਹੀਨੇਵਾਰ ਮਿਹਨਤਾਨਾ ਲੈ ਰਹੇ ਹਨ। ਜਦੋਂਕਿ ਉਹਨਾਂ ਦੇ ਸਕੂਲ ਵਿਚ 10 - 12 ਪੜੇ ਦਰਜਾ ਚਾਰ ਮੁਲਾਜ਼ਮ 15 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹ ਉਹਨਾਂ ਨਾਲ ਸ਼ਰੇਆਮ ਬੇਇਨਸਾਫੀ ਹੈ ਜੋ ਕਿ ਸਰਕਾਰ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉ੍ਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਤਨਖਾਹਾਂ ਤੁਰੰਤ ਨਾ ਵਧਾਈਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ । ਇਸ ਮੌਕੇ ਵੀਰਪਾਲ ਕੌਰ ਹਰਦਾਸਾ, ਮਨੀ ਧਵਨ, ਮਨਪ੍ਰੀਤ ਕੌਰ ਹਰਦਾਸਾ, ਪਰਮਜੀਤ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ ਗਗੜਾ, ਕਰਮਜੀਤ ਕੌਰ ਫੇਰੋਕੇ ਸ਼ਿਵਰਾਜ ਕੌਰ ਠੱਠਾ ਅਤੇ ਮੈਡਮ ਸ਼ਾਲੂ ਆਦਿ ਹਾਜ਼ਰ ਸਨ।