ਮੁੱਦਕੀ, 18 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ ਵਿਚ ਬਿਜਲੀ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਗਰਮੀ ਵਿਚ ਬਿਜਲੀ ਨਾ ਹੋਣ ਕਰਕੇ ਬਿਨਾਂ ਪੱਖਿਆਂ ਤੋਂ ਦਿਨ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ, ਪਰ ਗਰਮੀਆਂ ਵਿਚ ਕਸਬਾ ਮੁੱਦਕੀ ਅੰਦਰ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਕਈ ਘੰਟੇ ਬਿਜਲੀ ਸਪਲਾਈ ਨਹੀਂ ਆ ਰਹੀ। ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਮੁੱਦਕੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਛਿੰਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਲੰਬੇ ਅਤੇ ਵਾਰ-ਵਾਰ ਲੱਗਣ ਵਾਲੇ ਕੱਟਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਭਾਰੀ ਗਰਮੀ ਦੇ ਮੌਸਮ ਵਿਚ ਘੰਟਿਆਂ ਬਿਜਲੀ ਗ਼ਾਇਬ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰੇਲੂ ਕੰਮਾਂ ਤੋਂ ਲੈ ਕੇ ਖੇਤੀਬਾੜੀ ਅਤੇ ਵਪਾਰਕ ਗਤੀਵਿਧੀਆਂ ਤੱਕ ਹਰ ਖੇਤਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਬਿਜਲੀ ਬੰਦ ਰਹਿਣ ਕਾਰਨ ਛੋਟੇ ਦੁਕਾਨਦਾਰਾਂ, ਦਰਜ਼ੀਆਂ, ਵੈਲਡਿੰਗ ਵਰਕਸ਼ਾਪਾਂ, ਆਟਾ ਚੱਕੀਆਂ, ਸੈਲੂਨਾਂ, ਫੋਟੋਸਟੇਟ ਅਤੇ ਕੰਪਿਊਟਰ ਸੈਂਟਰਾਂ ਦਾ ਕੰਮਕਾਜ ਠੱਪ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਦੂਜੇ ਪਾਸੇ ਵਿਦਿਆਰਥੀਆਂ ਨੂੰ ਪੜ੍ਹਾਈ ਵਿਚ ਦਿੱਕਤਾਂ ਆ ਰਹੀਆਂ ਹਨ, ਜਦਕਿ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਗਰਮੀ ਕਾਰਨ ਵਧੇਰੇ ਪੇ੍ਰਸ਼ਾਨੀ ਝੱਲਣੀ ਪੈ ਰਹੀ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਵੀ ਬਿਜਲੀ ਉੱਤੇ ਨਿਰਭਰ ਹੋਣ ਕਾਰਨ ਕਈ ਇਲਾਕਿਆਂ ’ਚ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਬਿਨਾਂ ਲੋੜ ਲੱਗ ਰਹੇ ਲੰਬੇ ਕੱਟਾਂ ਨੂੰ ਤੁਰੰਤ ਘਟਾਇਆ ਜਾਵੇ ਅਤੇ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ। ਗੁਰਜੰਟ ਸਿੰਘ ਬਰਾੜ ਅਤੇ ਜੋਗਿੰਦਰ ਸਿੰਘ ਸੰਧੂ ਛਿੰਦਾ ਨੇ ਕਿਹਾ ਕਿ ਜੇਕਰ ਕਿਸੇ ਤਕਨੀਕੀ ਖ਼ਰਾਬੀ ਜਾਂ ਰੱਖ-ਰਖਾਅ ਕਾਰਨ ਕੱਟ ਲਗਾਉਣੇ ਲਾਜ਼ਮੀ ਹੋਣ ਤਾਂ ਇਸ ਬਾਰੇ ਪਹਿਲਾਂ ਹੀ ਸੂਚਨਾ ਜਾਰੀ ਕੀਤੀ ਜਾਵੇ ਤਾਂ ਜੋ ਲੋਕ ਆਪਣੇ ਕੰਮਾਂ ਦੀ ਯੋਜਨਾ ਬਣਾ ਸਕਣ।