07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਫ਼ਾਜ਼ਿਲਕਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਜੀਜੇ, ਸਾਲੇ ਨੂੰ ਕੀਤਾ ਗ੍ਰਿਫ਼ਤਾਰ

ਅਜੀਤ ਡੈਸਕ 19-07-2026
ਫ਼ਾਜ਼ਿਲਕਾ, 18 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਜੀਜੇ, ਸਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਗਏ ਜੀਜਾ, ਸਾਲੇ ਪੈਸੇ ਦੇ ਲਾਲਚ ਵਿਚ ਆ ਕੇ ਇਸ ਧੰਦੇ ਨਾਲ ਜੁੜੇ ਸਨ। ਹਾਲਾਂਕਿ ਇਸ ਮਾਮਲੇ ਅੰਦਰ ਪੁਲਿਸ ਨੇ ਤਿੰਨ ਜਣਿਆ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਤੀਸਰਾ ਉਹ ਵਿਅਕਤੀ ਹੈ, ਜਿਸ ਦੇ ਸੰਪਰਕ ਵਿਚ ਆ ਕੇ ਜੀਜਾ, ਸਾਲੇ ਇਸ ਨਸ਼ੇ ਦੇ ਧੰਦੇ ਨਾਲ ਜੁੜੇ ਸਨ। ਫ਼ਾਜ਼ਿਲਕਾ ਦੇ ਐੱਸ.ਐੱਸ.ਪੀ.ਗਗਨ ਅਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਦੱਸਿਆ ਕਿ ਫ਼ਾਜ਼ਿਲਕਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਹੇਠ ਏ.ਐੱਸ.ਆਈ.ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਫ਼ਾਜ਼ਿਲਕਾ ਥਾਣਾ ਸਿਟੀ ਇਲਾਕੇ ਅੰਦਰ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਪਾਰਟੀ ਨੂੰ ਮੁਹੱਲਾ ਅਨੰਦਪੁਰ ਤੋਂ ਆਵਾ ਲਿੰਕ ਰੋਡ ’ਤੇ ਪਿੱਪਲ ਹੇਠ ਦੋ ਨੌਜਵਾਨ ਖੜ੍ਹੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੈਗ ਵਿਚੋਂ 2 ਕਿੱਲੋ 143 ਗਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਬਸਤੀ ਕੇਸਰ ਸਿੰਘ (ਥਾਣਾ ਗੁਰੂਹਰਸਹਾਏ) ਦੇ ਰਹਿਣ ਵਾਲੇ ਸਵਰਨ ਸਿੰਘ ਅਤੇ ਫ਼ਾਜ਼ਿਲਕਾ ਦੇ ਅਨੰਦਪੁਰ ਮੁਹੱਲਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਥਾਣਾ ਸਿਟੀ ਫ਼ਾਜ਼ਿਲਕਾ ਵਿਖੇ ਐਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਕੜੇ ਗਏ ਦੋਨੋਂ ਵਿਅਕਤੀ ਰਿਸ਼ਤੇਦਾਰੀ ਵਿਚ ਜੀਜਾ, ਸਾਲਾ ਲੱਗਦੇ ਹਨ। ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਇਹ ਦੋਵੇਂ ਮੁਲਜ਼ਮ ਹੈਰੋਇਨ ਦੀ ਇਹ ਖੇਪ ਸਿੱਧੂ ਵਾਲਾ (ਥਾਣਾ ਸਦਰ ਜਲਾਲਾਬਾਦ) ਦੇ ਰਹਿਣ ਵਾਲੇ ਜੱਜ ਸਿੰਘ ਨੂੰ ਸਪਲਾਈ ਕਰਨ ਜਾ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿਚ ਜੱਜ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਹੈ। ਪੁਲਿਸ ਮੁਤਾਬਿਕ ਜੱਜ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਕਾਫ਼ੀ ਗੰਭੀਰ ਹੈ ਅਤੇ ਉਸ ਖ਼ਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ ਪਹਿਲਾਂ ਵੀ ਬੀ.ਐਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ 3 ਮੁਕੱਦਮੇ ਦਰਜ ਹਨ। ਪੁਲਿਸ ਵਲੋਂ ਫ਼ਰਾਰ ਮੁਲਜ਼ਮ ਜੱਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਫ਼ਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਕਿਸੇ ਵੀ ਤਸਕਰ ਨੂੰ ਬਖ਼ਸ਼ਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਦੌਰਾਨ ਕਰੀਬ 300 ਤੋਂ ਵੱਧ ਤਸਕਰਾਂ ਨੂੰ ਪੁਲਿਸ ਨੇ ਪਕੜਿਆ ਹੈ। ਇਸ ਤੋਂ ਇਲਾਵਾ ਸਰਹੱਦ ’ਤੇ ਲੱਗੇ ਐਂਟੀ ਡਰੋਨ ਸਿਸਟਮ ਦੇ ਜ਼ਰੀਏ ਡਰੋਨਾਂ ਦੀ ਆਵਾਜਾਈ ਘੱਟ ਹੋਈ ਹੈ।
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਫ਼ਾਜ਼ਿਲਕਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ, ਸੇਵਾ-ਮੁਕਤ ਅਧਿਆਪਕਾਂ ਦੇ ਬਕਾਏ ਜਲਦ ਜ... ਅਗਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਤੋਂ ਕਸਬਾ ਮੁੱਦਕੀ ਵਾਸੀ ਡਾਢ੍ਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।