ਜ਼ੀਰਾ,18 ਜੁਲਾਈ (ਰਜਨੀਸ਼ ਕਥੂਰੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਤਾਲ ਤੇ ਚੱਲ ਰਹੇ ਸਫਾਈ ਕਰਮਚਾਰੀਆਂ ਦੇ ਕਾਰਨ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੀ ਸਫਾਈ ਨਾ ਹੋਣ ਅਤੇ ਕੂੜਾ ਨਾ ਚੁੱਕੇ ਜਾਣ ਕਾਰਨ ਸਥਾਨਕ ਸ਼ਹਿਰ ਵਿਚ ਕੂੜੇ ਦੇ ਡੰਪਾਂ ਦੇ ਪਹਾੜ ਬਣਨ ਲੱਗੇ ਹਨ। ਦੂਸਰੇ ਪਾਸੇ ਮੌਨਸੂਨ ਦਾ ਮੌਸਮ ਹੋਣ ਕਰਕੇ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ਾਂ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਜਿਸ ਕਰਕੇ ਕੂੜੇ ਦੇ ਇਹਨਾਂ ਵੱਡੇ-ਵੱਡੇ ਢੇਰਾਂ ਵਿਚੋਂ ਸੜਾਂਦ ਮਾਰਦੀ ਬਦਬੂ ਦੇ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅਵਾਰਾ ਪਸ਼ੂ ਇਨਾ ਕੂੜੇ ਦੇ ਢੇਰਾਂ ਵਿਚ ਅਕਸਰ ਹੀ ਮੂੰਹ ਮਾਰਦੇ ਵੇਖੇ ਜਾ ਸਕਦੇ ਹਨ। ਜੋ ਕਿ ਕੂੜੇ ਅਤੇ ਗੰਦਗੀ ਨੂੰ ਫੈਲਾਉਣ ਵਿਚ ਹੋਰ ਵੀ ਵਾਧਾ ਕਰ ਰਹੇ ਹਨ। ਫੈਲਿਆ ਹੋਇਆ ਇਹ ਕੂੜਾ ਕਰਕਟ ਪੈਦਲ ਜਾਂਦੇ ਰਾਹਗੀਰਾਂ ਅਤੇ ਵਾਹਣ ਚਾਲਕਾਂ ਲਈ ਹੋਰ ਵੀ ਮੁਸ਼ਕਿਲ ਖੜੀ ਕਰ ਦਿੰਦਾ ਹੈ। ਸ਼ਹਿਰ ਦੇ ਕਲੌਕ ਟਾਵਰ ਚੌਂਕ ਦੇ ਨੇੜੇ ਮੱਛੀ ਮਾਰਕੀਟ, ਪੁਰਾਣੀ ਤਲਵੰਡੀ ਰੋਡ ਅਤੇ ਸਮਾਧੀ ਰੋਡ ’ਤੇ ਤਿਕੋਨੀ ਤੋਂ ਇਲਾਵਾ ਹੋਰ ਵੱਖ- ਵੱਖ ਥਾਵਾਂ ’ਤੇ ਲੱਗੇ ਕੂੜੇ ਦੇ ਡੰਪਾਂ ਵਿਚ ਹਰ ਰੋਜ਼ ਸ਼ਹਿਰ ਵਾਸੀਆਂ ਵਲੋਂ ਕੂੜਾ ਸੁੱਟੇ ਜਾਣ ਕਰਕੇ ਕੂੜੇ ਦੇ ਪਹਾੜ ਬਣ ਗਏ ਹਨ। ਜੋ ਕਿ ਦਿਨ ਪ੍ਰਤੀ ਦਿਨ ਵੱਡੇ ਹੁੰਦੇ ਜਾ ਰਹੇ ਹਨ। ਇਸ ਤੋਂ ਇਲਾਵਾ ਭੀੜੀਆਂ ਗਲੀਆਂ ਦੀਆਂ ਨੁੱਕਰਾਂ ਆਦਿ ਵਿਚ ਸ਼ਹਿਰ ਨਿਵਾਸੀਆਂ ਵਲੋਂ ਲਿਫਾਫੇ ਭਰ ਭਰ ਕੇ ਕੂੜੇ ਦੇ ਸੁੱਟੇ ਜਾ ਰਹੇ ਹਨ। ਜਿਨਾਂ ਵਿਚੋਂ ਸੜਾਂਦ ਮਾਰਦੀ ਬਦਬੂ ਦੇ ਕਾਰਨ ਆਮ ਲੋਕਾਂ ਦਾ ਇਨਾ ਕੂੜੇ ਦੇ ਪਹਾੜਾਂ ਅਤੇ ਗਲੀਆਂ ਵਿਚੋਂ ਲੰਘਣਾ ਮੁਸ਼ਕਲ ਹੋਇਆ ਪਿਆ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਮੌਸਮ ਵਿਭਾਗ ਵਲੋਂ ਕੀਤੀ ਗਈ ਭਵਿੱਖਬਾਣੀ ਦੇ ਮੁਤਾਬਿਕ ਬਾਰਿਸ਼ਾਂ ਹੁੰਦੀਆਂ ਹਨ ਅਤੇ ਇਨਾਂ ਕੂੜੇ ਦੇ ਢੇਰਾਂ ਨੂੰ ਚੁੱਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਵੱਡੀ ਪੱਧਰ ’ਤੇ ਬਿਮਾਰੀਆਂ ਫੈਲਣ ਦਾ ਖਤਰਾ ਹੈ।