ਮੱਖੂ, 18 ਜੁਲਾਈ (ਵਰਿੰਦਰ ਮਨਚੰਦਾ)-ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਬਾਰੇ ਮੀਡੀਆ ’ਚ ਚੱਲ ਰਹੀਆਂ ਗੁਮਰਾਹਕੁਨ ਅਫ਼ਵਾਹਾਂ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਪਸ਼ਟ ਕੀਤਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਾਜ ਵਿਚ ਅਜਿਹੇ ਵਹਿਸ਼ੀਆਨਾ ਕਾਰੇ ਕਰਨ ਵਾਲਿਆਂ ਲਈ ਸਿਰਫ਼ ਅਤੇ ਸਿਰਫ਼ ਸਖ਼ਤ ਸਜ਼ਾ ਹੀ ਇਕ ਮਾਤਰ ਰਾਹ ਹੋਣੀ ਚਾਹੀਦੀ ਹੈ। ਜਾਰੀ ਬਿਆਨ ਵਿਚ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਸੋਸ਼ਲ ਮੀਡੀਆ ਦੇ ਕੁੱਝ ਹਿੱਸਿਆਂ ਵਿਚ ਇਹ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਯੂ.ਪੀ. ਪੁਲਿਸ ਵਲੋਂ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ, ਜੋ ਕਿ ਬਿਲਕੁਲ ਨਿਰਾਧਾਰ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੀ ਚਾਰਜਸ਼ੀਟ ਵਿਚ ਇਸ ਘਟਨਾ ਨੂੰ ਇਕ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ ਗਿਆ ਸੀ, ਜਿਸ ਦੇ ਆਧਾਰ ’ਤੇ ਅਦਾਲਤ ਨੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਅਤੇ ਹੋਰਾਂ ਵਿਰੁੱਧ ਕਤਲ (ਧਾਰਾ 302) ਵਰਗੀਆਂ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹੋਏ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਮਹਿਜ਼ ਜ਼ਮਾਨਤ ਮਿਲ ਜਾਣ ਦਾ ਮਤਲਬ ਬੇਕਸੂਰ ਹੋਣਾ ਜਾਂ ‘ਕਲੀਨ ਚਿੱਟ’ ਮਿਲਣਾ ਨਹੀਂ ਹੁੰਦਾ ਅਤੇ ਅਦਾਲਤੀ ਟਰਾਇਲ ਅਜੇ ਵੀ ਪੂਰੀ ਤਰ੍ਹਾਂ ਜਾਰੀ ਹੈ। ਪੀਰ ਮੁਹੰਮਦ ਨੇ ਜ਼ੋਰ ਦੇ ਕੇ ਆਖਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨਿਰਦੋਸ਼ ਕਿਸਾਨਾਂ ਉੱਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨਾ ਮਨੁੱਖਤਾ ਦੇ ਨਾਂਅ ’ਤੇ ਕਲੰਕ ਹੈ। ਅਜਿਹੇ ਦਰਿੰਦਿਆਂ ਨੂੰ ਕਾਨੂੰਨ ਦੇ ਮੁਤਾਬਿਕ ਫਾਂਸੀ ਜਾਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਅਜਿਹਾ ਘਿਣਾਉਣਾ ਕਾਰਨਾਮਾ ਕਰਨ ਦੀ ਜੁਰਅਤ ਨਾ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਇਸ ਪੂਰੇ ਮਾਮਲੇ ਦੀ ਕਾਨੂੰਨੀ ਪੈਰਵੀ ਅਤੇ ਚੱਲ ਰਹੇ ਟਰਾਇਲ ’ਤੇ ਤਿੱਖੀ ਨਜ਼ਰ ਰੱਖ ਰਿਹਾ ਹੈ। ਅਸੀਂ ਦੇਸ਼ ਦੀ ਨਿਆਂਪਾਲਿਕਾ ਤੋਂ ਮੰਗ ਕਰਦੇ ਹਾਂ ਕਿ ਇਸ ਕੇਸ ਦੀ ਸੁਣਵਾਈ ਤੇਜ਼ੀ ਨਾਲ ਕਰਕੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਸਮੂਹ ਜਨਤਾ ਅਤੇ ਕਿਸਾਨ ਭਾਈਚਾਰੇ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਇਸ ਕੇਸ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ, ਕਿਉਂਕਿ ਕਾਨੂੰਨੀ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ, ਬਲਕਿ ਇਹ ਆਪਣੇ ਫ਼ੈਸਲਾਕੁਨ ਦੌਰ ਵੱਲ ਵਧ ਰਹੀ ਹੈ। ਪੀਰ ਮੁਹੰਮਦ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਹਮੇਸ਼ਾ ਕਿਸਾਨਾਂ ਦੇ ਹੱਕਾਂ ਅਤੇ ਉਨ੍ਹਾਂ ਦੇ ਮਾਣ-ਸਨਮਾਨ ਲਈ ਮੋਹਰੀ ਹੋ ਕੇ ਲੜਦਾ ਆਇਆ ਹੈ। ਲਖੀਮਪੁਰ ਖੀਰੀ ਵਿਖੇ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ 8 ਸ਼ਹੀਦਾਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਪੀੜਤ ਪਰਿਵਾਰਾਂ ਨੂੰ ਪੂਰਨ ਇਨਸਾਫ਼ ਦਿਵਾਉਣ ਤੱਕ ਸਾਡਾ ਸੰਘਰਸ਼ ਅਤੇ ਆਵਾਜ਼ ਬੁਲੰਦ ਰਹੇਗੀ।