ਜ਼ੀਰਾ,15 ਜੁਲਾਈ ( ਰਜਨੀਸ਼ ਕਥੂਰੀਆ)- ਸਥਾਨਕ ਚੌਂਕ ਝੱਟਿਆਂ ਵਾਲਾ ਸਥਿਤ ਪ੍ਰਾਚੀਨ ਮੰਦਰ ਵੱਡੇ ਮਾਤਾ ਜੀ ਵਿਖੇ ਸ੍ਰੀ ਜਵਾਲਾ ਭਜਨ ਮੰਡਲੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਇਕੱਤਰਤਾ ਹੋਈ। ਇਹ ਮੀਟਿੰਗ ਸਾਵਣ ਦੇ ਮਹੀਨੇ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਲੱਗਣ ਵਾਲੇ ਵਿਸ਼ਾਲ ਮੇਲੇ ਅਤੇ ਉੱਥੇ ਲਿਜਾਈ ਜਾਣ ਵਾਲੀ ਪਵਿੱਤਰ ਝੰਡਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਬੁਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲੀ ਦੇ ਸਕੱਤਰ ਵਿਜੇ ਕੁਮਾਰ ਬੰਬੀ ਨੇ ਦੱਸਿਆ ਕਿ ਜ਼ੀਰਾ ਸ਼ਹਿਰ ਦੀ ਇਹ ਪੁਰਾਤਨ ਅਤੇ ਸ਼ਲਾਘਾਯੋਗ ਪਰੰਪਰਾ ਰਹੀ ਹੈ ਕਿ ਹਰ ਸਾਲ ਸਭ ਤੋਂ ਪਹਿਲਾਂ ਸ੍ਰੀ ਜਵਾਲਾ ਭਜਨ ਮੰਡਲੀ ਵੱਲੋਂ ਹੀ ਬੜੀ ਸ਼ਰਧਾ ਭਾਵਨਾ ਨਾਲ ਝੰਡਾ ਯਾਤਰਾ ਕੱਢੀ ਜਾਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਵੀ ਇਸ ਰਵਾਇਤ ਨੂੰ ਬਰਕਰਾਰ ਰੱਖਦਿਆਂ ਪਰਮ ਪੂਜਨੀਕ ਮਾਤਾ ਮਾਇਆ ਦੇਵਾ ਜੀ (ਵੱਡੇ ਮਾਤਾ ਜੀ) ਦੇ ਅਸ਼ੀਰਵਾਦ ਨਾਲ ਪਵਿੱਤਰ ਝੰਡਾ ਮਿਤੀ 22 ਜੁਲਾਈ ਦਿਨ ਬੁੱਧਵਾਰ ਨੂੰ ਪੂਰੀ ਸ਼ਾਨੋ-ਸ਼ੌਕਤ ਅਤੇ ਧਾਰਮਿਕ ਰੀਤੀ-ਰਿਵਾਜਾਂ ਨਾਲ ਕੱਢਿਆ ਜਾਵੇਗਾ। ਸਕੱਤਰ ਨੇ ਦੱਸਿਆ ਕਿ ਇਹ ਪਵਿੱਤਰ ਝੰਡਾ ਯਾਤਰਾ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ 16 ਅਗਸਤ ਦਿਨ ਐਤਵਾਰ ਨੂੰ ਮਾਤਾ ਚਿੰਤਪੁਰਨੀ ਜੀ ਦੇ ਪਾਵਨ ਦਰਬਾਰ ਵਿਖੇ ਪਹੁੰਚੇਗੀ। ਜਿੱਥੇ ਪੂਰੀ ਮਰਯਾਦਾ ਅਨੁਸਾਰ ਮਾਂ ਦੇ ਚਰਨਾਂ ਵਿਚ ਝੰਡਾ ਅਰਪਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਮਾਤਾ ਚਿੰਤਪੁਰਨੀ ਦਾ ਸਾਲਾਨਾ ਮੇਲਾ 13 ਅਗਸਤ ਤੋਂ ਰਸਮੀ ਤੌਰ ’ਤੇ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੰਡਲੀ ਦੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਧਾਰਮਿਕ ਕਾਰਜ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਅਹਿਮ ਮੀਟਿੰਗ ਦੌਰਾਨ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿਚ ਪੱਪੂ ਚੌਧਰੀ, ਚਿਵਨ ਲਾਲ, ਜਤਿੰਦਰ ਸਚਦੇਵਾ, ਕ੍ਰਿਸ਼ਨ ਕੁਮਾਰ ਹਾਂਡਾ, ਮਾਸਟਰ ਜਸਵੰਤ ਰਾਏ, ਰਜਿੰਦਰ ਕੁਮਾਰ, ਵਿਸ਼ਾਲ, ਸੋਨੂ, ਰਾਹੁਲ ਸਚਦੇਵਾ, ਦੀਪਕ ਬੰਬੀ, ਵਿਨੇ ਕੁਮਾਰ, ਮਹੰਤ ਹੁਸ਼ਿਆਰ ਸਿੰਘ, ਰਾਹੁਲ ਅਰੋੜਾ ਅਤੇ ਪੰਡਿਤ ਜੋਗੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਾਰਿਆਂ ਨੇ ਸਾਂਝੇ ਤੌਰ ’ਤੇ ਮਾਂ ਦੇ ਜੈਕਾਰਿਆਂ ਨਾਲ ਮੀਟਿੰਗ ਦੀ ਸਮਾਪਤੀ ਕੀਤੀ।