ਫ਼ਿਰੋਜ਼ਪੁਰ, 17 ਜੁਲਾਈ (ਕੁਲਬੀਰ ਸਿੰਘ ਸੋਢੀ)-ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਫ਼ਿਰੋਜ਼ਪੁਰ ਹਲਕੇ ਦੇ ਵਿਕਾਸ ਲਈ ਖਾਈ ਫ਼ੇਮੇ ਕੀ ਅਤੇ ਸਬਜ਼ੀ ਮੰਡੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਮਹੱਤਵਪੂਰਨ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ। ਵਿਧਾਇਕ ਭੁੱਲਰ ਵਲੋਂ ਖਾਈ ਫੇਮੇ ਕੀ ਵਿਖੇ 35 ਗੁਣਾਂ 35 ਫੁੱਟ ਸਟੀਲ ਕਵਰ ਸ਼ੈੱਡ ਲਾਗਤ ਕਰੀਬ 7.69 ਲੱਖ ਰੁਪਏ ਦੇ ਪ੍ਰਾਜੈਕਟ ਅਤੇ ਖ਼ਰੀਦ ਕੇਂਦਰ ਵਿਖੇ ਟਾਵਰ ਲਾਈਟਾਂ ਜਿਨ੍ਹਾਂ ਦੀ ਲਾਗਤ ਕਰੀਬ 16.16 ਲੱਖ ਰੁਪਏ ਹੈ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਵਿਧਾਇਕ ਭੁੱਲਰ ਵਲੋਂ ਸਬਜ਼ੀ ਮੰਡੀ ਫ਼ਿਰੋਜ਼ਪੁਰ ਸ਼ਹਿਰ ਵਿਖੇ 50 ਗੁਣਾਂ 75 ਫੁੱਟ ਸਟੀਲ ਕਵਰ ਸ਼ੈੱਡ, ਜੋ ਕਰੀਬ 39.95 ਲੱਖ ਰੁਪਏ ਨਾਲ ਤਿਆਰ ਹੋਵੇਗਾ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਇਲਾਕੇ ਦੇ ਕਿਸਾਨਾਂ, ਆੜ੍ਹਤੀਆਂ ਅਤੇ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵੱਲ ਇਕ ਅਹਿਮ ਕਦਮ ਹਨ। ਵਿਧਾਇਕ ਭੁੱਲਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਕਾਰਜ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ।