04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਡੀ.ਸੀ.ਰੇਟ ਨੂੰ ਲੈ ਕੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ, ਫਿਰੋਜ਼ਪੁਰ ਡਿਪੂ ਤੋਂ ਨਹੀਂ ਚੱਲੀ ਕੋਈ ਬੱਸ

ਅਜੀਤ ਡੈਸਕ 09-07-2026
ਫ਼ਿਰੋਜ਼ਪੁਰ, 8 ਜੁਲਾਈ (ਗੁਰਿੰਦਰ ਸਿੰਘ)-ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਨਵੇਂ ਡੀ.ਸੀ ਰੇਟਾਂ ਅਨੁਸਾਰ ਤਨਖ਼ਾਹ ਵਿਚ ਵਾਧਾ ਨਾ ਕਰਨ ਦੇ ਵਿਰੋਧ ਵਿਚ ਸੂਬੇ ਭਰ ਵਿਚ ਸਰਕਾਰੀ ਬੱਸਾਂ ਦੇ ਚੱਕਾ ਜਾਮ ਦਰਮਿਆਨ ਫਿਰੋਜ਼ਪੁਰ ਡਿਪੂ ਵਿਚ ਵੀ ਮੁਕੰਮਲ ਹੜਤਾਲ ਰਹੀ ਅਤੇ ਕੋਈ ਵੀ ਬੱਸ ਰੂਟ ’ਤੇ ਨਹੀਂ ਚੱਲੀ। ਜਿਸ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਨਵੇਂ ਡੀ.ਸੀ. ਰੇਟ ਅਨੁਸਾਰ ਤਨਖ਼ਾਹਾਂ ਲਾਗੂ ਨਾ ਕਰਨ ਦੇ ਵਿਰੋਧ ਵਜੋਂ ਪਨਬੱਸ ਦੇ 18 ਡੀਪੂਆਂ ਵਿਚ ਕੰਮਕਾਜ ਪ੍ਰਭਾਵਿਤ ਕੀਤਾ ਗਿਆ ਹੈ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਐਲਾਨੀ ਗਈ 15 ਫ਼ੀਸਦੀ ਤਨਖ਼ਾਹ ਵਾਧਾ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਹਰ ਮੁਲਾਜ਼ਮ ਨੂੰ ਲਗਭਗ 1,800 ਰੁਪਏ ਪ੍ਰਤੀ ਮਹੀਨਾ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਨੂੰ ਨਿਰਧਾਰਿਤ ਲੇਬਰ ਰੇਟ ਤੋਂ ਵੀ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ। ਇਸ ਸਬੰਧੀ ਕਈ ਵਾਰ ਸਰਕਾਰ ਅਤੇ ਵਿਭਾਗ ਨੂੰ ਮੰਗ ਪੱਤਰ ਵੀ ਦਿੱਤੇ ਗਏ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਨਵਾਂ ਡੀ.ਸੀ. ਰੇਟ ਅਤੇ 15 ਫ਼ੀਸਦੀ ਤਨਖ਼ਾਹ ਵਾਧਾ ਤੁਰੰਤ ਲਾਗੂ ਕੀਤਾ ਜਾਵੇ, ਪਿਛਲੇ ਦੋ ਮਹੀਨਿਆਂ ਦਾ ਬਕਾਇਆ (ਏਰੀਅਰ) ਜਾਰੀ ਕੀਤਾ ਜਾਵੇ ਅਤੇ ਪਨਬੱਸ ਮੁੱਖ ਦਫ਼ਤਰ ਵਲੋਂ ਇਸ ਸਬੰਧੀ ਜਲਦ ਅਧਿਕਾਰਤ ਹੁਕਮ ਜਾਰੀ ਕੀਤੇ ਜਾਣ। ਹੜਤਾਲ ਕਾਰਨ ਸੂਬੇ ਦੇ ਕਈ ਡੀਪੂਆਂ ਤੋਂ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਰਹੀ। ਹਾਲਾਂਕਿ, ਜੋ ਬੱਸਾਂ ਹੋਰ ਸੂਬਿਆਂ ਲਈ ਪਹਿਲਾਂ ਹੀ ਰਵਾਨਾ ਹੋ ਚੁੱਕੀਆਂ ਹਨ, ਉਹ ਆਪਣਾ ਰੂਟ ਪੂਰਾ ਕਰਨ ਤੋਂ ਬਾਅਦ ਹੜਤਾਲ ਵਿਚ ਸ਼ਾਮਲ ਹੋਣਗੀਆਂ। ਫਿਰੋਜ਼ਪੁਰ ਡੀਪੂ ਦੇ ਪ੍ਰਧਾਨ ਜਤਿੰਦਰ ਸਿੰਘ, ਮੁਖਪਾਲ ਸਿੰਘ ਸਕੱਤਰ , ਨਿਸ਼ਾਨ ਸਿੰਘ ’ਤੇ ਹਰਜਿੰਦਰ ਸਿੰਘ ਮੀਤ ਪ੍ਰਧਾਨ, ਅਜੈ ਕੁਮਾਰ, ਪਰਮਜੀਤ ਸਿੰਘ, ਗੌਰਵ, ਰਮਨਦੀਪ ਸਿੰਘ ਆਦਿ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਥਾਣਾ ਸਦਰ ਜ਼ੀਰਾ ਦੀ ਪੁਲਿਸ ਵਲੋਂ ਕਾਰ ਚਾਲਕ ਸਣੇ 2 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਾਣੀ ਭਰ ਜਾਣ ’ਤੇ ਅਜ਼ਾਦਪੁਰ ਸਬਜ਼ੀ ਮੰਡੀ ਦਾ ਹੋਇਆ ਬੁਰਾ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।