20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 22-06-2026

* ਬੀਬੀਆਂ ਦੇ ਜੱਥੇ ਵਲੋਂ ਆਰੰਭੀ 40 ਦਿਨਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸੰਪੂਰਨ
ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਸ਼ਹੀਦਾਂ ਦੇ ਸਰਤਾਜ, ਧੀਰਜ ਅਤੇ ਸ਼ਾਂਤੀ ਦੇ ਪ੍ਰਤੀਕ ਪੰਜਵੇਂ ਪਾਤਸ਼ਾਹ ਧੰਨ-ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਨਗਰ ਵਿਖੇ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ, ਸਤਿਕਾਰ ਅਤੇ ਭਗਤੀ ਭਾਵਨਾ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਗਈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਨਗਰ ਦੀਆਂ ਬੀਬੀਆਂ ਦੇ ‘ਸੁਖਮਨੀ ਸਾਹਿਬ ਗਰੁੱਪ’ ਵਲੋਂ ਪਿਛਲੇ 40 ਦਿਨਾਂ ਤੋਂ ਲਗਾਤਾਰ ਵੱਖ-ਵੱਖ ਘਰਾਂ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਸਨ। ਇਸ ਲੜੀ ਦੀ ਸੰਪੂਰਨਤਾ ਅੱਜ ਸ਼ਰਧਾ ਅਤੇ ਉਤਸ਼ਾਹ ਨਾਲ ਭੋਗ ਪਾ ਕੇ ਕੀਤੀ ਗਈ। ਇਸ ਮੌਕੇ ਸੰਗਤਾਂ ਨੇ ਬਾਣੀ ਦਾ ਸਿਮਰਨ ਕਰਦਿਆਂ ਨਾਮ ਜਪਿਆ। ਬੁਲਾਰਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਮਨੁੱਖਤਾ ਲਈ ਸੱਚ, ਸਬਰ, ਤਿਆਗ ਅਤੇ ਧਰਮ ਦੀ ਰੱਖਿਆ ਦਾ ਅਮਰ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਵਲੋਂ ਘਰ-ਘਰ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਇਹ ਉਪਰਾਲਾ ਸਮਾਜ ਨੂੰ ਗੁਰਬਾਣੀ ਨਾਲ ਜੋੜਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਮੁੱਲਾਂ ਨਾਲ ਰੂਬਰੂ ਕਰਵਾਉਣ ਲਈ ਪ੍ਰੇਰਣਾਦਾਇਕ ਹੈ। ਪਾਠ ਦੇ ਭੋਗ ਉਪਰੰਤ ਰਸਭਿੰਨਾ ਗੁਰਬਾਣੀ ਕੀਰਤਨ ਹੋਇਆ, ਜਿਸ ਦੌਰਾਨ ਸੰਗਤਾਂ ਨੇ ਗੁਰੂ ਜਸ ਦਾ ਆਨੰਦ ਮਾਣਿਆ। ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਬੀਬੀਆਂ ਅਤੇ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਪਿਛਲੀ ਖ਼ਬਰ ਸੈਸ਼ਨ ਡਵੀਜ਼ਨ ਫ਼ਿਰੋਜ਼ਪੁਰ ਵਿਖੇ ਜੁਡੀਸ਼ੀਅਲ ਅਫ਼ਸਰਾਂ ਦੀ ਅਗਵਾਈ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ ਅਗਲੀ ਖ਼ਬਰ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।