21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

150 ਕਰੋੜ ਰੁਪਏ ਦੀ ਕੀਮਤ ਵਾਲੀ ਸਰਕਾਰੀ ਜ਼ਮੀਨ ਹੜੱਪਣ ਦੇ ਮਾਮਲੇ ’ਚ ਅਦਾਲਤੀ ਪੈਰਵੀ ਦੌਰਾਨ ਤਹਿਸੀਲਦਾਰ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ

ਅਜੀਤ ਡੈਸਕ 22-06-2026

* ਏ.ਡੀ.ਸੀ ਦੇ ਹੁਕਮਾਂ ’ਤੇ ਜ਼ਿਲ੍ਹਾ ਮਾਲ ਅਫ਼ਸਰ ਨੇ ਤਹਿਸੀਲਦਾਰ ਨੂੰ ਚਾਰਜਸ਼ੀਟ ਕਰਨ ਅਤੇ ਅਦਾਲਤ ’ਚ ਐਕਸ ਪਾਰਟੀ ਤੋੜਨ ਸੰਬੰਧੀ ਕੀਤੀ ਕਾਰਵਾਈ ਲਈ ਸੱਦੀ ਮੀਟਿੰਗ ਅੱਜ
ਫ਼ਿਰੋਜ਼ਪੁਰ, 21 ਜੂਨ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਸ਼ਹਿਰ ਵਿਚ ਟੀ.ਬੀ ਹਸਪਤਾਲ ਦੇ ਨੇੜੇ ਕੇਂਦਰ ਸਰਕਾਰ ਦੀ ਮਲਕੀਅਤ ਵਾਲੀ 150 ਕਰੋੜ ਰੁਪਏ ਦੀ ਜ਼ਮੀਨ ਹੜੱਪਣ ਵਿਚ 14 ਸਾਲ ਪਹਿਲਾ ਦਰਜ ਮਾਮਲੇ ਅੰਦਰ ਅਫ਼ਸਰਸ਼ਾਹੀ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਇਕ ਵਾਰ ਫਿਰ ਆ ਗਈ ਹੈ। ਦੱਸਣਯੋਗ ਹੈ ਕਿ ਮਾਲਕੀ ਦਾ ਦਾਅਵਾ ਕਰਨ ਵਾਲੀ ਧਿਰ ਵਲੋਂ ਅਦਾਲਤ ਵਿਚ ਸਿਵਲ ਕੇਸ ਦਾਇਰ ਕੀਤਾ ਗਿਆ। ਜਿਸ ਵਿਚ ਮਹਿਕਮਾ ਐਕਸ ਪਾਰਟੀ ਹੋ ਗਿਆ। ਜਿਸ ਦੀ ਸੂਹ ਲਗਦੇ ਹੀ ਇਕ ਇਮਾਨਦਾਰ ਅਧਿਕਾਰੀ ਨੇ ਸਾਰੀ ਮਿਲੀਭੁਗਤ ਦੀ ਸੂਚਨਾ ਸਰਕਾਰ ਦਰਬਾਰੇ ਚੰਡੀਗੜ੍ਹ ਪਹੁੰਚਾ ਦਿੱਤੀ। ਇਸ ਉਪਰੰਤ ਹਰਕਤ ਵਿਚ ਆਉਂਦੇ ਹੀ ਜ਼ਿਲ੍ਹਾ ਮਾਲ ਅਫ਼ਸਰ ਫਿਰੋਜ਼ਪੁਰ ਵਲੋਂ ਇਕ ਪੱਤਰ ਤਹਿਸੀਲਦਾਰ ਫਿਰੋਜ਼ਪੁਰ ਤੇ ਸੀਨੀਅਰ ਸਹਾਇਕ ਅਮਲਾ ਸ਼ਾਖਾ ਸਦਰ ਦਫ਼ਤਰ ਫਿਰੋਜ਼ਪੁਰ ਨੂੰ ਕੁਝ ਦਿਨ ਪਹਿਲਾ ਲਿਖਿਆ ਗਿਆ। ਜਿਸ ਵਿਚ ਦੱਸਿਆ ਕਿ ਸਿਵਲ ਦਾਅਵੇ ਆਸਾ ਸਿੰਘ ਬਨਾਮ ਯੂਨੀਅਨ ਆਫ਼ ਇੰਡੀਆ ਆਦਿ ਦੇ ਕੇਸ ’ਚ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਕੇਸ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ 22 ਜੂਨ ਨੂੰ ਇਕ ਵਿਸ਼ੇਸ਼ ਮੀਟਿੰਗ ਕੀਤੀ ਜਾਣੀ ਹੈ। ਮੀਟਿੰਗ ਵਿੱਚ ਦੀਵਾਨੀ ਕੇਸ ਆਸਾ ਸਿੰਘ ਬਨਾਮ ਯੂਨੀਅਨ ਆਫ਼ ਇੰਡੀਆ ਆਦਿ ਵਿਚ ਤਹਿਸੀਲਦਾਰ ਫਿਰੋਜ਼ਪੁਰ ਵਲੋਂ ਕਾਰਵਾਈ ਨਾ ਕਰਨ ਕਰਕੇ ਸਕੱਤਰ ਪੰਜਾਬ ਸਰਕਾਰ, ਮਾਲ ਵਿਭਾਗ ਵਲੋਂ ਪ੍ਰਾਪਤ ਅਰਧ ਸਰਕਾਰੀ ਪੱਤਰ ਰਾਹੀਂ ਤਹਿਸੀਲਦਾਰ ਫਿਰੋਜ਼ਪੁਰ ਨੂੰ ਚਾਰਜਸ਼ੀਟ ਜਾਰੀ ਕਰਨ ਲਈ ਖਰੜਾ ਭੇਜਣ ਸਮੇਤ ਇਸ ਕੇਸ ਵਿਚ ਸਿਵਲ ਅਦਾਲਤ ਵਲੋਂ ਜਾਰੀ ਐਕਸ-ਪਾਰਟੀ ਨੂੰ ਤੁੜਵਾਉਣ ਲਈ ਕੀਤੀ ਗਈ ਕਾਰਵਾਈ ਰਿਪੋਰਟ ਦੀ ਮੰਗ ਕੀਤੀ ਗਈ ਹੈ ਜੋ ਹੁਣ ਤੱਕ ਪ੍ਰਾਪਤ ਨਾ ਹੋਈ ਹੈ। ਲਿਖੇ ਪੱਤਰ ’ਚ ਦੱਸਿਆ ਗਿਆ ਕਿ ਸਿਵਲ ਅਦਾਲਤ ਵਲੋਂ ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਨੂੰ ਆਸਾ ਸਿੰਘ ਵਲੋਂ ਮਿਤੀ 17.02.2011 ਨੂੰ ਦਿੱਤੀ ਗਈ ਦਰਖਾਸਤ ਬਾਬਤ ਫ਼ਰਦ-ਬਦਰ ਜੋ ਕਿ ਉਨ੍ਹਾਂ ਵਲੋਂ ਪਟਵਾਰੀ ਹਲਕਾ ਫਿਰੋਜ਼ਪੁਰ ਸ਼ਹਿਰ ਨੂੰ ਮਾਰਕ ਕਰ ਦਿੱਤੀ ਗਈ ਸੀ ਸਮੇਤ ਅਸਲ ਰਿਕਾਰਡ ਦੀ ਮੰਗ ਕੀਤੀ ਜਾ ਰਹੀ ਹੈ। ਜੋ ਕਿ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਅਗਲੇ ਮਹੀਨੇ ਤਤਕਾਲੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਡਾ.ਐੱਸ.ਕਰੁਣਾ ਰਾਜੂ ਦੀ ਗਵਾਹੀ ਮੁਕੱਰਰ ਹੈ। ਆਸਾ ਸਿੰਘ ਬਨਾਮ ਯੂਨੀਅਨ ਆਫ਼ ਇੰਡੀਆ ਆਦਿ ਵਿਚ ਅਦਾਲਤ ਵਲੋਂ ਸਰਕਾਰੀ ਜ਼ਮੀਨ ਦੇ ਮਾਰਕਿਟ ਰੇਟ ਦੀ ਮੰਗ ਕੀਤੀ ਜਾ ਰਹੀ। ਮੀਟਿੰਗ ਵਿਚ ਇਸ ਜ਼ਮੀਨ ਦੇ ਮਾਰਕਿਟ ਰੇਟ ਵੀ ਲੈ ਕੇ ਆਉਣ ਹਨ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਸ਼ਹਿਰ ਵਿੱਚ ਪੁਰਾਣੇ ਟੀ.ਬੀ ਹਸਪਤਾਲ ਦੇ ਨੇੜੇ ਕੇਂਦਰ ਸਰਕਾਰ ਦੀ ਲਗਭਗ 150 ਕਰੋੜ ਰੁਪਏ ਦੀ ਬਜ਼ਾਰੀ ਕੀਮਤ ਵਾਲੀ 15 ਏਕੜ 9 ਮਰਲੇ ਜ਼ਮੀਨ ਹੜੱਪਣ ਦੀ ਕੋਸ਼ਸ਼ ਦੇ ਮਾਮਲੇ ਵਿੱਚ ਫਿਰੋਜ਼ਪੁਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਡਾ. ਐੱਸ. ਕਰੁਣਾ ਰਾਜੂ ਨੇ ਉਪ-ਮੰਡਲ ਅਧਿਕਾਰੀ ਦੀ ਜਾਂਚ ਤੋਂ ਬਾਅਦ 11 ਦਸੰਬਰ 2012 ਨੂੰ ਸਦਰ ਪੁਲਿਸ ਥਾਣਾ ਫਿਰੋਜ਼ਪੁਰ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇੱਥੇ ਖ਼ਾਸ ਦੱਸਣਾ ਬਣਦਾ ਹੈ ਕਿ ਬਹੁ ਕਰੋੜੀ ਜ਼ਮੀਨ ਘੋਟਾਲੇ ’ਚ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਮਾਮਲੇ ਵਿਚ ਨਾਮਜ਼ਦ ਹਾਈ-ਪ੍ਰੋਫਾਈਲ ਹਸਤੀਆਂ ਨੂੰ ਬਚਾਉਣ ਅਤੇ ਕੇਸ ਨੂੰ ਦਬਾਉਣ ਵਾਸਤੇ ਅਫ਼ਸਰਸ਼ਾਹੀ ਪਿਛਲੇ 14 ਸਾਲਾਂ ਤੋਂ ਰੁੱਝੀ ਹੋਈ ਹੈ। ਉੱਥੇ ਹੀ ਇਸ ਘਪਲੇ ਦਾ ਖ਼ੁਲਾਸਾ ਅਤੇ ਨਾਮਜ਼ਦ ਅਧਿਕਾਰੀ ਨੂੰ ਜੇਲ੍ਹ ਭੇਜਣ ’ਚ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ ਜਰਨਲ ਪੰਜਾਬ ਮੁਖਵਿੰਦਰ ਸਿੰਘ ਛੀਨਾ, ਆਈ .ਪੀ. ਐੱਸ ਹਰਦਿਆਲ ਸਿੰਘ ਮਾਨ ਸੇਵਾਮੁਕਤ ਮੈਂਬਰ ਪੀ.ਪੀ.ਐੱਸ.ਸੀ ਅਤੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਦਾ ਅਹਿਮ ਰੋਲ ਰਿਹਾ ਹੈ।

ਪਿਛਲੀ ਖ਼ਬਰ ਸੋਕੜ ਨਹਿਰ ਇਲਾਕੇ ਵਿਚ ਮੌਤ ਨੂੰ ਸੱਦਾ ਦੇ ਰਹੇ ਨੇ ਬਿਜਲੀ ਦੇ ਬਕਸੇ ਅਗਲੀ ਖ਼ਬਰ ਬੀ.ਐੱਸ.ਐੱਫ਼ ਅਤੇ ਚਾਈਲਡ ਵੈੱਲਨੈੱਸ ਕਲੱਬ ਨੇ ਅੰਤਰਰਾਸ਼ਟਰੀ ਵਿਸ਼ਵ ਯੋਗ ਦਿਵਸ ਮਨਾਇਆਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।