06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਫਿਰੋਜ਼ਪੁਰ ਦੀਆਂ ਸੜਕਾਂ 'ਤੇ ਮੌਤ ਨੂੰ ਨਿਓਤਾ! ਬਿਨਾਂ ਸੁਰੱਖਿਆ ਕੀਤੀ ਜਾ ਰਹੀ ਇੱਟਾਂ ਦੀ ਢੋਆ-ਢੁਆਈ

ਅਜੀਤ ਡੈਸਕ 18-04-2026
ਫਿਰੋਜ਼ਪੁਰ, 17 ਅਪ੍ਰੈਲ (ਸੁਖਵਿੰਦਰ ਸਿੰਘ)-ਸ਼ਹਿਰ ਵਿੱਚ ਟਰੈਕਟਰ-ਟਰਾਲੀਆਂ ਰਾਹੀਂ ਇੱਟਾਂ ਦੀ ਢੁਆਈ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਸਾਹਮਣੇ ਆ ਰਹੀ ਹੈ | ਸੜਕਾਂ 'ਤੇ ਬਿਨਾਂ ਕਿਸੇ ਡਾਲਿਆਂ ਜਾਂ ਸੁਰੱਖਿਆ ਪ੍ਰਬੰਧ ਤੋਂ ਇੱਟਾਂ ਢੋਈਆਂ ਜਾ ਰਹੀਆਂ ਹਨ | ਜਿਸ ਨਾਲ ਹਾਦਸਿਆਂ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ | ਇਸ ਦੀ ਤਾਜ਼ਾ ਮਿਸਾਲ ਮੱਲਾਂਵਾਲਾ ਰੋਡ 'ਤੇ ਵੇਖਣ ਨੂੰ ਮਿਲੀ, ਜਿੱਥੇ ਟਰੈਕਟਰ-ਟਰਾਲੀ ਵਿੱਚ ਭਰੀਆਂ ਇੱਟਾਂ ਸੜਕ ਦੇ ਖੱਡਿਆਂ ਕਾਰਨ ਝਟਕਿਆਂ ਨਾਲ ਥੱਲੇ ਡਿਗ ਗਈਆਂ | ਪਿੱਛੋਂ ਆ ਰਹੇ ਕਾਰ ਚਾਲਕ ਦੀ ਜਾਨ ਮਸਾਂ ਹੀ ਬਚੀ | ਇਸ ਦੌਰਾਨ ਆਵਾਜਾਈ ਕਰ ਰਹੇ ਲੋਕਾਂ ਅਤੇ ਵਾਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਖ਼ੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ, ਪਰ ਇਹ ਘਟਨਾ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦੀ ਹੈ | ਟਰੈਕਟਰ ਚਾਲਕ ਨੇ ਦੱਸਿਆ ਕਿ ਇਹ ਇੱਟਾਂ ਆਸਲ ਪਿੰਡ ਦੇ ਐਸ.ਕੇ. ਭੱਠੇ ਤੋਂ ਲਿਆਂਦੀਆਂ ਜਾ ਰਹੀਆਂ ਹਨ | ਉਸ ਨੇ ਕਿਹਾ ਕਿ ਕਈ ਵਾਰ ਭੱਠਾ ਮਾਲਕਾਂ ਨੂੰ ਟਰਾਲੀਆਂ 'ਤੇ ਸੁਰੱਖਿਆ ਲਈ ਡਾਲੇ ਲਗਾਉਣ ਦੀ ਅਪੀਲ ਕੀਤੀ ਗਈ ਹੈ, ਪਰ ਉਹ ਕਹਿੰਦੇ ਹਨ ਕਿ ਟਰਾਲੀਆਂ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਬਣੀਆਂ ਹੋਈਆਂ ਹਨ | ਚਾਲਕ ਨੇ ਦੱਸਿਆ ਕਿ ਜੇ ਡਾਲੇ ਲਗਾਏ ਜਾਣ ਤਾਂ ਇੱਟਾਂ ਡਿੱਗਣ ਤੋਂ ਬਚ ਸਕਦੀਆਂ ਹਨ ਅਤੇ ਸਮਾਂ ਤੇ ਪੈਸੇ ਦੀ ਵੀ ਬੱਚਤ ਹੋਵੇਗੀ, ਕਿਉਂਕਿ ਅਕਸਰ ਖੱਡਿਆਂ ਕਾਰਨ ਇੱਟਾਂ ਸੜਕ 'ਤੇ ਡਿਗ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਮੁੜ ਇਕੱਠਾ ਕਰਨਾ ਪੈਂਦਾ ਹੈ | ਸਥਾਨਕ ਲੋਕਾਂ ਨੇ ਕਿਹਾ ਕਿ ਇਸ ਤਰ੍ਹਾਂ ਬਿਨਾਂ ਸੁਰੱਖਿਆ ਸਮੱਗਰੀ ਦੀ ਢੁਆਈ ਨਾ ਸਿਰਫ਼ ਟਰੈਫਿਕ ਲਈ ਖ਼ਤਰਾ ਹੈ, ਸਗੋਂ ਆਮ ਜਨਤਾ ਦੀ ਜਾਨ ਲਈ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ | ਉਨ੍ਹਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ |
ਬਿਨਾਂ ਸੁਰੱਖਿਆ ਢੁਆਈ ਸਿੱਧਾ ਮੌਤ ਨਾਲ ਖੇਡ - ਕਲਸੀ
ਰਾਮਗੜ੍ਹੀਆ ਆਗੂ ਦਵਿੰਦਰ ਸਿੰਘ ਕਲਸੀ ਨੇ ਕਿਹਾ ਕਿ ਸ਼ਹਿਰ ਵਿਚ ਬਿਨਾਂ ਸੁਰੱਖਿਆ ਇੱਟਾਂ ਦੀ ਢੁਆਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਬਿਨਾਂ ਡਾਲਿਆਂ ਇੱਟਾਂ ਲਿਜਾਣਾ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ | ਉਨ੍ਹਾਂ ਦੱਸਿਆ ਕਿ ਖੱਡਿਆਂ ਕਾਰਨ ਇੱਟਾਂ ਦਾ ਸੜਕ 'ਤੇ ਡਿਗਣਾ ਹਰ ਵੇਲੇ ਵੱਡੇ ਹਾਦਸੇ ਨੂੰ ਜਨਮ ਦੇ ਸਕਦਾ ਹੈ | ਕਲਸੀ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਹ ਸਮੱਸਿਆ ਵਧ ਰਹੀ ਹੈ ਅਤੇ ਕਈ ਵਾਰ ਕਹਿਣ ਦੇ ਬਾਵਜੂਦ ਭੱਠਾ ਮਾਲਕ ਅਤੇ ਚਾਲਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ |
ਪਿਛਲੀ ਖ਼ਬਰ ਪੁਲਿਸ ਨੇ ਚੋਰੀਆਂ ਅਤੇ ਖੋਹ ਕਰਨ ਵਾਲੇ ਦੋ ਕਾਬੂ ਕਰਕੇ ਮਾਮਲਾ ਦਰਜ ਕੀਤਾ ਅਗਲੀ ਖ਼ਬਰ ਸਾਢੇ ਚਾਰ ਗਰਾਮ ਹੈਰੋਇਨ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।