ਫਿਰੋਜ਼ਪੁਰ,31 ਮਾਰਚ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਵਿਚ ਅਪਰਾਧਿਕ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ.ਸਟਾਫ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਇਕ ਵਿਅਕਤੀ ਨੂੰ ਨਾਜਾਇਜ਼ ਹਥਿਆਰ ਸਮੇਤ ਕਾਬੂ ਕਰ ਲਿਆ | ਪੁਲਿਸ ਨੇ ਮੁਲਜ਼ਮ ਵਿਰੁੱਧ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਹੈ | ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਫਿਰੋਜ਼ਪੁਰ ਕੈਂਟ ਦੇ ਚੌਂਕ ਚੁੰਗੀ ਨੰਬਰ 7 ਕੋਲ ਮੌਜੂਦ ਸੀ | ਇਸ ਦੌਰਾਨ ਪੁਲਿਸ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸੂਰਜ ਉਰਫ਼ ਰਘੂ ਪੁੱਤਰ ਕਾਕਾ ਵਾਸੀ ਖਲਚੀਆ ਜਦੀਦ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਣ ਦਾ ਆਦੀ ਹੈ ਅਤੇ ਅਕਸਰ ਪਿਸਟਲ ਨਾਲ ਲੈ ਕੇ ਘੁੰਮਦਾ ਹੈ | ਮੁਖ਼ਬਰ ਨੇ ਦੱਸਿਆ ਕਿ ਇਸ ਵੇਲੇ ਵੀ ਮੁਲਜ਼ਮ ਸ਼ਮਸ਼ਾਨਘਾਟ ਰੋਡ 'ਤੇ ਝਾੜੀਆਂ ਕੋਲ ਖੜ੍ਹਾ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਉਸ ਕੋਲ ਮਾਰੂ ਹਥਿਆਰ ਮੌਜੂਦ ਹੈ | ਪੁਲਿਸ ਨੇ ਰੇਡ ਕਰਕੇ ਸੂਰਜ ਉਰਫ਼ ਰਘੂ ਨੂੰ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ 01 ਪਿਸਟਲ ਦੇਸੀ 32 ਬੋਰ, 01 ਮੈਗਜ਼ੀਨ, 01 ਜ਼ਿੰਦਾ ਰੌਂਦ 32 ਬੋਰ ਬਰਾਮਦ ਕੀਤਾ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ |