ਫ਼ਿਰੋਜ਼ਪੁਰ, 30 ਮਾਰਚ (ਕੁਲਬੀਰ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ 'ਤੇ ਸੂਬੇ ਭਰ ਵਿਚ ਪਿੰਡ ਹਰੀ ਨੌ (ਫਰੀਦਕੋਟ) ਦੇ ਦੋ ਸਕੇ ਭਰਾਵਾਂ ਨੂੰ ਇਨਸਾਫ਼ ਦਿਵਾਉਣ ਅਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਬੈਂਕ ਮੈਨੇਜਰ, ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਦੇ ਹੁਕਮ ਦੇਣ ਵਾਲੇ ਸਹਿਕਾਰਤਾ ਵਿਭਾਗ ਦੇ ਮੁਖੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫੂਕੇ ਗਏ | ਇਸੇ ਲੜੀ ਦੇ ਚੱਲਦੇ ਬੀ.ਕੇ.ਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਕਮੇਟੀ ਮੈਂਬਰ ਰਣਜੀਤ ਸਿੰਘ ਦੀ ਅਗਵਾਈ ਵਿਚ ਫ਼ਿਰੋਜ਼ਪੁਰ ਵਿਖੇ ਜਿੱਥੇ ਸਹਿਕਾਰਤਾ ਵਿਭਾਗ ਦੇ ਮੁਖੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੁਤਲੇ ਫ਼ੂਕ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਕਿਸਾਨਾਂ ਵਲੋਂ ਪਿੰਡ ਹਰੀ ਨੌ ਦੇ ਖ਼ੁਦਕੁਸ਼ੀ ਕਰਨ ਵਾਲੇ ਪੀੜਤ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ, ਦੋ ਛੋਟੀਆਂ ਧੀਆਂ ਅਤੇ ਬਾਕੀ ਪਰਿਵਾਰ ਦਾ ਜ਼ਿੰਦਗੀ ਗੁੱਜਰ ਦਾ ਪ੍ਰਬੰਧ ਕਰਨ ਅਤੇ ਲੈਂਡ ਮਾਰਟਗੇਜ ਬੈਂਕਾਂ ਰਾਹੀਂ ਛੋਟੇ, ਵੱਡੇ ਸਾਰੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਨ ਵਾਲੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ (ਪੂਰਬੀ) ਇਕਬਾਲ ਸਿੰਘ ਸੱਪਾਂ ਵਾਲੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਐੱਮ.ਐੱਸ.ਪੀ ਦਾ ਗਾਰੰਟੀ ਕਾਨੂੰਨ ਨਾ ਹੋਣ ਕਰਕੇ ਹੀ ਕਿਸਾਨ ਕਰਜ਼ਾਈ ਹੋਏ ਹਨ ਤੇ ਹੁਣ ਸਰਕਾਰ ਵਲੋਂ ਮੈਲੀ ਅੱਖ ਰੱਖ ਕੇ ਕੁਰਕੀ ਰਾਹੀਂ ਜ਼ਮੀਨਾਂ ਖੋਹਣ ਦੇ ਮਨਸੂਬੇ ਘੜੇ ਜਾ ਰਹੇ ਹਨ | ਜਿਸ ਨੰੂ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੁਝ ਕਿਸਾਨ ਹਿਤੈਸ਼ੀ ਜਥੇਬੰਦੀਆਂ ਹੋਣ ਦਾ ਦਿਖਾਵਾ ਕਰਨ ਵਾਲੀਆਂ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੀ ਇਸ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਲਈ ਲਿਆਂਦੀ ਗਈ ਜ਼ਮੀਨ ਕੁਰਕੀ ਦੀ ਪਾਲਿਸੀ ਦੀ ਹਮਾਇਤ ਕੀਤੀ ਜਾ ਰਹੀ ਹੈ, ਜੋ ਅਤਿ ਨਿੰਦਣਯੋਗ ਹੈ | ਉਨ੍ਹਾਂ ਦੱਸਿਆ ਕਿ ਜੋ ਪੰਜਾਬ ਸਰਕਾਰ ਵਲੋਂ 20 ਏਕੜ ਤੋਂ ਉੱਪਰ ਵਾਲੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਕਰਨ ਦੀ ਪਾਲਿਸੀ ਲਿਆਂਦੀ ਜਾ ਰਹੀ ਹੈ, ਉਸ ਨੂੰ ਐੱਸ.ਕੇ.ਐੱਮ ਗੈਰ ਰਾਜਨੀਤਿਕ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ | ਆਗੂਆਂ ਨੇ ਕਿਹਾ ਕਿ ਹੁਣ ਆਲੂਆਂ ਦੀ ਫਸਲ ਵਿਚ ਪਏ ਘਾਟੇ ਅਤੇ ਲੈਂਡ ਮਾਰਟਗੇਜ ਬੈਂਕਾਂ ਵਲੋਂ ਕਰਜ਼ਾਈ ਕਿਸਾਨਾਂ ਦੀਆਂ ਤਸਵੀਰਾਂ ਲਗਾ ਕੇ ਸਮਾਜਿਕ ਤੌਰ 'ਤੇ ਜ਼ਲੀਲ ਕਰਨ ਦੇ ਡਰ ਕਾਰਨ ਹੀ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ | ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਭਰਾਵਾਂ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਸਾਰੇ ਸਬੰਧਤ ਮੁਲਾਜ਼ਮਾਂ ਨੂੰ ਸਜਾਵਾਂ ਦਿੱਤੀ ਜਾਵੇ ਅਤੇ ਲੈਂਡ ਮਾਰਟਗੇਜ ਬੈਂਕਾਂ ਰਾਹੀਂ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਕਰਨ ਦੇ ਦਿੱਤੇ ਗਏ ਹੁਕਮਾਂ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਗੁਰਪ੍ਰੀਤ ਸਿੰਘ ਬਲਾਕ ਆਗੂ, ਦਿਲਬਾਗ ਸਿੰਘ ਬਲਾਕ ਆਗੂ, ਕਾਰਜ ਸਿੰਘ ਬਲਾਕ ਜਰਨਲ ਸਕੱਤਰ ਮਮਦੋਟ, ਜੱਜ ਸਿੰਘ ਹਾਮਦ ਬਲਾਕ ਸਲਾਹਕਾਰ ਮਮਦੋਟ ਅਤੇ ਵੱਡੀ ਸੰਖਿਆ ਵਿਚ ਸਮੂਹ ਪਿੰਡਾਂ ਦੀਆਂ ਇਕਾਈਆਂ ਦੇ ਮੈਂਬਰ ਹਾਜ਼ਰ ਸਨ |