ਜ਼ੀਰਾ, 29 ਮਾਰਚ(ਰਜਨੀਸ਼ ਕਥੂਰੀਆ)-ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਇਕ ਵਿਅਕਤੀ ਪਾਸੋਂ ਕਾਰ ਅਤੇ ਆਈਫੋਨ ਖੋਹਣ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਮਾਧਵ ਅਨੇਜਾ ਪੁੱਤਰ ਸੁਰਿੰਦਰ ਕੁਮਾਰ ਅਨੇਜਾ ਵਾਸੀ ਮੁਹੱਲਾ ਕੰਬੋਆਂ ਵਾਲਾ ਜ਼ੀਰਾ ਨੇ ਦੱਸਿਆ ਕਿ ਬੀਤੇ ਦਿਨੀਂ ਮੈ ਹਰ ਰੋਜ਼ ਦੀ ਤਰ੍ਹਾਂ ਵਕਤ ਕਰੀਬ ਰਾਤ 9.30 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ | ਘਰ ਜਾ ਕੇ ਰੋਟੀ ਪਾਣੀ ਖ਼ਾਕੇ ਸੌਣ ਲੱਗਾ ਸੀ ਤਾਂ ਰਾਤ ਕਰੀਬ 12.30 ਵਜੇ ਮੈਨੂੰ ਮੇਰੇ ਦੋਸਤ ਜਸਕਰਨ ਸਿੰਘ ਦੀ ਕਾਲ ਆਈ ਕਿ ਮੇਰੇ ਯਾਰਾ ਦੋਸਤਾਂ ਦੀ ਗੱਡੀ ਖ਼ਰਾਬ ਹੋ ਗਈ ਹੈ | ਜੋ ਬੱਸ ਸਟੈਂਡ ਦੇ ਸਾਹਮਣੇ ਬੈਠੇ ਹਨ | ਮੈਂ ਤੈਨੂੰ ਲੋਕੇਸ਼ਨ ਭੇਜਦਾ ਹਾਂ ਤੂੰ ਉਹਨਾਂ ਨੂੰ ਆਪਣੀ ਗੱਡੀ ਤੇ ਛੱਡ ਆ ਜਿਸ 'ਤੇ ਮੈਂ ਆਪਣੀ ਗੱਡੀ ਕਾਰ ਮਾਰਕਾ ਗਰੇਡ ਆਈ-10 'ਤੇ ਸਮੇਤ ਆਪਣੇ ਭਰਾ ਦੇ ਬੱਸ ਸਟੈਂਡ ਜ਼ੀਰਾ ਤੋਂ ਦੋਨਾਂ ਨਾਮਾਲੂਮ ਵਿਅਕਤੀਆਂ ਨੂੰ ਚੁੱਕਿਆ ਜਿਨਾਂ ਨੇ ਅਵਾਨ ਰੋਡ 'ਤੇ ਛੱਡਣ ਲਈ ਕਿਹਾ ਸੀ | ਜਦੋਂ ਮੈਂ ਆਪਣੇ ਦੋਸਤ ਜਸਕਰਨ ਸਿੰਘ ਨੂੰ ਰਸਤਾ ਠੀਕ ਨਾ ਹੋਣ ਬਾਰੇ ਕਿਹਾ ਤਾਂ ਉਸ ਨੇ ਕਿਹਾ ਕਿ ਇਹਨਾਂ ਨੂੰ ਭੁੱਖ ਲੱਗੀ ਹੈ ਤੂੰ ਇਹਨਾਂ ਨੂੰ ਤਲਵੰਡੀ ਭਾਈ ਰੋਡ ਤੇ ਗੇਟ ਕੋਲ ਢਾਬੇ ਤੇ ਛੱਡ ਦੇ ਜਿਸ 'ਤੇ ਰਸਤੇ ਵਿਚ ਨੇੜੇ ਸਿਨੇਮਾ ਜ਼ੀਰਾ ਉਕਤ ਦੋਵਾਂ ਨੌਜਵਾਨਾ ਨੇ ਪਿਸਤੌਲ ਦੀ ਨੋਕ 'ਤੇ ਮੇਰੇ ਤੋਂ ਗੱਡੀ ਕਾਰ ਮਾਰਕਾ ਗਰੈਂਡ ਆਈ-10 ਨੰਬਰ ਪੀ.ਬੀ.-47 ਐੱਫ/2101, ਇਕ ਆਈਫੋਨ 16 ਅਤੇ ਇਕ ਆਈ ਫੋਨ 14 ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਮਾਧਵ ਅਨੇਜਾ ਦੇ ਬਿਆਨ ਦੇ ਆਧਾਰ 'ਤੇ ਜਸਕਰਨ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਤਲਵੰਡੀ ਜੱਲੇ ਖਾਂ ਅਤੇ 2 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |