ਫਿਰੋਜ਼ਪੁਰ, 26 ਮਾਰਚ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਦੀਆਂ ਸਾਰੀਆਂ 8 ਟੀ.ਟੀ.ਈ. ਲਾਬੀਆਂ ਵਿਚ 100 ਫ਼ੀਸਦੀ ਬਾਇਓਮੈਟਿ੍ਕ ਸਾਈਨ-ਆਨ/ਸਾਈਨ-ਆਫ ਪ੍ਰਣਾਲੀ ਨੂੰ ਲਾਗੂ ਕਰ ਦਿੱਤਾ ਗਿਆ ਹੈ | ਫਿਰੋਜ਼ਪੁਰ ਮੰਡਲ, ਉੱਤਰ ਰੇਲਵੇ 'ਚ ਇਹ ਪ੍ਰਣਾਲੀ ਲਾਗੂ ਕਰਨ ਵਾਲਾ ਪਹਿਲਾ ਮੰਡਲ ਬਣ ਗਿਆ ਹੈ | ਫਿਰੋਜ਼ਪੁਰ ਮੰਡਲ ਦੇ ਅੰਮਿ੍ਤਸਰ, ਲੁਧਿਆਣਾ, ਜਲੰਧਰ ਸਿਟੀ, ਜਲੰਧਰ ਕੈਂਟ, ਹੁਸ਼ਿਆਰਪੁਰ, ਮੋਗਾ, ਫਿਰੋਜ਼ਪੁਰ ਕੈਂਟ ਅਤੇ ਫ਼ਾਜ਼ਿਲਕਾ ਰੇਲਵੇ ਸਟੇਸ਼ਨਾਂ ਦੀਆਂ ਟੀ.ਟੀ.ਈ. ਲਾਬੀਆਂ ਵਿਚ ਬਾਇਓਮੈਟਿ੍ਕ ਹਾਜ਼ਰੀ ਲਾਗੂ ਹੈ, ਜਿੱਥੇ 100 ਫ਼ੀਸਦੀ ਬਾਇਓਮੈਟਿ੍ਕ ਹਾਜ਼ਰੀ ਯਕੀਨੀ ਬਣਾਈ ਜਾ ਰਹੀ ਹੈ | ਇਸ ਆਧੁਨਿਕ ਪ੍ਰਣਾਲੀ ਨਾਲ ਕਰਮਚਾਰੀਆਂ ਦੀ ਹਾਜ਼ਰੀ ਪਾਰਦਰਸ਼ੀ, ਸੁਰੱਖਿਅਤ ਅਤੇ ਸਹੀ ਤਰੀਕੇ ਨਾਲ ਦਰਜ ਹੋ ਰਹੀ ਹੈ | ਟੀ.ਟੀ.ਈ. ਸਟਾਫ ਦੀ ਹਾਜ਼ਰੀ ਅਤੇ ਡਿਊਟੀ ਨਾਲ ਸਬੰਧਤ ਪ੍ਰਕਿਰਿਆ ਹੁਣ ਪੂਰੀ ਤਰ੍ਹਾਂ ਡਿਜੀਟਲ ਹੋ ਗਈ ਹੈ | ਜਿਸ ਨਾਲ ਕੰਮ ਦੀ ਕੁਸ਼ਲਤਾ ਵਿਚ ਵਾਧਾ ਹੋਇਆ ਹੈ | ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਪਹਿਲ ਭਾਰਤ ਸਰਕਾਰ ਦੇ 'ਡਿਜੀਟਲ ਇੰਡੀਆ' ਮੁਹਿੰਮ ਤਹਿਤ ਕੀਤੀ ਗਈ ਹੈ | ਇਸ ਨਾਲ ਰੇਲਵੇ ਕਰਮਚਾਰੀਆਂ ਦੇ ਕੰਮ ਦੇ ਪ੍ਰਬੰਧਨ ਵਿਚ ਸੁਧਾਰ ਦੇ ਨਾਲ-ਨਾਲ ਯਾਤਰੀਆਂ ਨੂੰ ਬਿਹਤਰ ਅਤੇ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿਚ ਵੀ ਮਦਦ ਮਿਲੇਗੀ |