20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਵਿਧਾਨ ਸਭਾ ਚੋਣਾਂ ਲਈ ਦਾਅਵੇਦਾਰੀ ਠੋਕਣ ਵਾਲੇ 'ਆਪ' ਆਗੂ ਸੁਖਰਾਜ ਗੋਰਾ ਨੇ ਮੁੱਖ ਮੰਤਰੀ ਦੇ ਸਰਹੱਦੀ ਖੇਤਰ 'ਚ ਕੀਤੇ ਵਿਕਾਸ ਦੀ ਕੱਢੀ ਫ਼ੂਕ

ਅਜੀਤ ਡੈਸਕ 27-03-2026
ਫ਼ਿਰੋਜ਼ਪੁਰ, 26 ਮਾਰਚ (ਕੁਲਬੀਰ ਸਿੰਘ ਸੋਢੀ)-ਵਿਧਾਨ ਸਭਾ ਚੋਣਾਂ 2027 ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਓਵੇਂ ਸਾਰੀਆਂ ਪਾਰਟੀਆਂ ਦੇ ਅਜਿਹੇ ਆਗੂ ਹਲਕਿਆਂ ਵਿਚ ਦਿਖਾਈ ਦੇਣ ਲੱਗੇ ਹਨ | ਜਿਨ੍ਹਾਂ ਵਲੋਂ ਪਿਛਲੇ ਸਮੇਂ ਵਿਚ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਗਿਆ, ਜਿਸ ਨਾਲ ਉਹ ਆਪਣੀ ਦਿੱਖ ਨੂੰ ਆਪਣੀ ਹਾਈਕਮਾਂਡ ਦੀ ਨਿਗ੍ਹਾ ਵਿਚ ਮਜ਼ਬੂਤ ਕਰ ਸਕੇ ਹੋਣ | ਇਸ ਦੇ ਲਈ ਹੁਣ ਉਨ੍ਹਾਂ ਨੂੰ ਪੈਕੇਜ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਪਹਿਚਾਣ ਬਣ ਸਕੇ | ਅਜਿਹੇ ਆਗੂ ਬੀਤੇ ਕੁਝ ਦਿਨਾਂ ਤੋਂ ਖੇਤਰ ਵਿਚ ਭਲਵਾਨੀ ਗੇੜੀਆਂ ਲਗਾਉਂਦੇ ਦਿਖਾਈ ਦੇ ਰਹੇ ਹਨ | ਜਿਸ ਤੋਂ ਇੰਜ ਜਾਪਦਾ ਹੈ ਕਿ ਅਜਿਹੇ ਵਿਅਕਤੀ ਆਪਣੀ ਦਾਅਵੇਦਾਰੀ ਦਿਖਾ ਕੇ ਪਾਰਟੀ ਹਾਈਕਮਾਂਡ ਤੇ ਮੌਜੂਦਾ ਵਿਧਾਇਕ ਨੂੰ ਕਸੂਤੀ ਸਥਿਤੀ ਵਿਚ ਫਸਾ ਕੇ ਆਪਣਾ ਨਿੱਜੀ ਹਿਤ ਸਫਲ ਵਿਚ ਕਾਮਯਾਬ ਹੋ ਜਾਂਦੇ ਹਨ | ਇੱਥੇ ਦੱਸਣਯੋਗ ਹੈ ਕਿ ਅਜਿਹਾ ਕੁਝ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਦਿਹਾਤੀ ਹਲਕੇ ਦਾ ਸੁਖਰਾਜ ਸਿੰਘ ਗੋਰਾ ਨਾਮਕ ਆਗੂ ਸ਼ਹਿਰੀ ਹਲਕੇ ਲਈ ਆਉਂਦੀਆਂ ਚੋਣਾਂ ਵਾਸਤੇ ਵਿਧਾਇਕੀ ਦੀ ਦਾਅਵੇਦਾਰੀ ਪੇਸ਼ ਕਰਨ ਵਿਚ ਲੱਗਿਆ ਹੋਇਆ ਹੈ ਤੇ ਦੂਸਰੇ ਪਾਸੇ ਵਿਵਾਦਾਂ ਤੋਂ ਦੂਰ ਅਤੇ ਸਾਫ਼ ਸੁਥਰੇ ਅਕਸ ਵਾਲੇ ਆਪ ਵਿਧਾਇਕ ਰਣਬੀਰ ਸਿੰਘ ਭੁੱਲਰ, ਜੋ ਪਿਛਲੇ ਚਾਰ ਸਾਲ ਤੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮਕਾਜ ਕਰਦੇ ਹੋਏ ਸਰਕਾਰੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਜੁਟੇ ਹੋਏ ਹਨ | ਦੱਸਣਯੋਗ ਹੈ ਕਿ ਮੌਜੂਦਾ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਸਾਲ 2027 ਦੀਆਂ ਚੋਣਾਂ ਲਈ ਦਾਅਵੇਦਾਰੀ ਨੂੰ ਚੁਨੌਤੀ ਦਿੰਦੇ ਹੋਏ ਸੁਖਰਾਜ ਗੋਰਾ ਨੇ ਆਪ ਮੁਹਾਰੇ ਲੋਕਾਂ ਵਿਚ ਪੇਸ਼ ਹੋਣਾ ਸ਼ੁਰੂ ਕਰ ਦਿੱਤਾ ਹੈ | ਜਿਸ ਵਲੋਂ ਸ਼ਹਿਰੀ ਹਲਕੇ ਅੰਦਰ ਰੈਲੀਆਂ ਅਤੇ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਕਰਕੇ ਲੋਕਾਂ ਨੂੰ ਵਿਕਾਸ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਜਿਸ ਦੇ ਚੱਲਦੇ ਹੋਏ ਬੀਤੇ ਦਿਨੀਂ ਉਕਤ ਆਪ ਆਗੂ ਨੇ ਸਰਹੱਦੀ ਪਿੰਡ ਟੇਂਢੀ ਵਾਲਾ ਵਿਖੇ ਲੋਕ ਮਿਲਣੀ ਕਰਦੇ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਆਏ ਸਾਲ ਹੜ੍ਹਾਂ ਅਤੇ ਜੰਗ ਦੀ ਮਾਰ ਦੌਰਾਨ ਉਜਾੜਾ ਹੋਣ ਤੋਂ ਬਚਾਇਆ ਜਾਏਗਾ ਅਤੇ ਸੁਚੱਜੇ ਪ੍ਰਬੰਧ, ਮਾਲੀ ਸਹਾਇਤਾ ਅਤੇ ਬਾਰਡਰ ਦੀਆਂ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਕੇ ਮੁਆਵਜ਼ੇ ਦੀ ਰਾਸ਼ੀ ਲੋਕਾਂ ਤੱਕ ਪਹੁੰਚਾਉਣ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਰੱਖਣਗੇ | ਸੁਖਰਾਜ ਗੋਰਾ ਨੇ ਇਸਦੇ ਨਾਲ ਇਹ ਵੀ ਕਿਹਾ ਕਿ ਅਣਸੁਖਾਵੇਂ ਮਾਹੌਲ ਦੌਰਾਨ ਸ਼ਹਿਰ ਦੇ ਨੇੜੇ ਪਈ ਹਜ਼ਾਰਾਂ ਏਕੜ ਜਗ੍ਹਾ ਤੇ 5 ਤੋਂ 7 ਮਰਲੇ ਵਿਚ ਘਰ ਬਣਾ ਕੇ ਦਿੱਤੇ ਜਾਣ ਬਾਰੇ ਵੀ ਕਿਹਾ ਜਾਵੇਗਾ | ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਸੁਖਰਾਜ ਗੋਰਾ ਵਲੋਂ ਕੀਤੇ ਉਕਤ ਦਾਅਵਿਆਂ ਨਾਲ ਜਿੱਥੇ ਸਰਹੱਦੀ ਲੋਕਾਂ ਵਿਚ ਖ਼ੁਸ਼ੀ ਹੈ, ਉੱਥੇ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ | ਇਸ ਸਬੰਧੀ ਆਮ ਆਦਮੀ ਪਾਰਟੀ ਦੇ ਇਕ ਸੂਬਾ ਪੱਧਰੀ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਆਗਾਮੀ ਵਿਧਾਨ ਸਭ ਚੋਣਾਂ ਵਿਚ ਟਿਕਟ ਦਾ ਫ਼ੈਸਲਾ ਪਾਰਟੀ ਹਾਈਕਮਾਂਡ ਤੇ ਨਿਰਭਰ ਕਰਦਾ ਹੈ | ਉਨ੍ਹਾਂ ਕਿਹਾ ਕਿ ਸੁਖਰਾਜ ਗੋਰੇ ਨੂੰ ਚਾਹੀਦਾ ਹੈ ਕਿ ਉਹ ਮੁੱਖ ਮੰਤਰੀ ਵਲੋਂ ਸਰਹੱਦੀ ਲੋਕਾਂ ਦੀ ਕੀਤੀ ਮਦਦ ਨੂੰ ਸਾਹਮਣੇ ਪੇਸ਼ ਕਰਨ, ਨਾ ਕਿ ਕੀਤੇ ਕਾਰਜਾਂ ਨੂੰ ਠੁਕਰਾ ਕੇ ਇਹ ਕਹਿਣ ਕਿ ਤੁਹਾਡੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਸਾਹਮਣੇ ਪੇਸ਼ ਕਰਨਗੇ | ਉਨ੍ਹਾਂ ਕਿਹਾ ਕਿ ਇਸ ਤੋਂ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੁਖਰਾਜ ਗੋਰਾ ਵਲੋਂ ਮੁੱਖ ਮੰਤਰੀ ਦੇ ਹੜ੍ਹਾਂ ਅਤੇ ਜੰਗ ਦੌਰਾਨ ਸਰਹੱਦੀ ਖੇਤਰ ਦੇ ਲੋਕਾਂ ਲਈ ਕੀਤੇ ਹੋਏ ਕੰਮਾਂ ਦੀ ਤਾਰੀਫ਼ ਕਰਨ ਦੀ ਥਾਂ ਆਪਣੀ ਰਾਜਨੀਤੀ ਨੂੰ ਚਮਕਾਉਣ 'ਚ ਲੱਗਿਆ ਹੋਇਆ ਹੈ |
ਪਿਛਲੀ ਖ਼ਬਰ ਉੱਤਰ ਰੇਲਵੇ ਦਾ ਪਹਿਲਾ ਮੰਡਲ, ਜਿੱਥੇ ਸਾਰੀਆਂ ਟੀ.ਟੀ.ਈ. ਲਾਬੀਆਂ ਵਿਚ 100 ਫ਼ੀਸਦੀ ਬਾਇਓਮੈਟਿ੍ਕ ਪ੍ਰਣਾਲੀ ਲਾਗੂ ਅਗਲੀ ਖ਼ਬਰ ਕੱਲ੍ਹ ਕੀਤਾ ਜਾਵੇਗਾ ਸੁੰਦਰ ਭਜਨਾਂ ਦਾ ਗਾਇਣ-ਪ੍ਰਧਾਨ ਰਾਮ ਨਰੂਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।