15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਦੀਆਂ ਦੇ ਦਿਨਾਂ 'ਚ ਬਿਜਲੀ ਸਪਲਾਈ ਦਾ ਬੁਰਾ ਹਾਲ, ਲੋਕਾਂ 'ਚ ਹਾਹਾਕਾਰ

ਅਜੀਤ ਡੈਸਕ 25-01-2026
ਗੁਰੂਹਰਸਹਾਏ, 24 ਜਨਵਰੀ (ਹਰਚਰਨ ਸਿੰਘ ਸੰਧੂ)-ਸਬ ਡਵੀਜ਼ਨ ਗੁਰੂਹਰਸਹਾਏ ਦੇ ਵੱਖੋ ਗਰਿੱਡਾਂ ਤੋਂ ਬਿਜਲੀ ਸਪਲਾਈ ਦਾ ਬਹੁਤ ਬੁਰਾ ਹਾਲ ਹੋਣ ਕਾਰਨ ਸਰਦੀਆਂ ਦੇ ਦਿਨਾਂ ਵਿਚ ਹਾਹਾਕਾਰ ਮਚੀ ਹੋਈ ਹੈ | ਪਿਛਲੇ ਕਈ ਦਿਨਾਂ ਤੋਂ ਬਿਜਲੀ ਸਪਲਾਈ ਨਾ ਮਾਤਰ ਹੀ ਆ ਰਹੀ ਹੈ ਤੇ ਵੱਡੇ-ਵੱਡੇ ਕੱਟ ਲੱਗ ਰਹੇ ਹਨ | ਇਸ ਸੰਬੰਧੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਪਿੰਡ ਲਾਲਚੀਆਂ ਨੇ ਦੱਸਿਆ ਕਿ 66 ਕੇ. ਵੀ. ਬਿਜਲੀ ਗਰਿੱਡ ਹਾਮਿਦ ਤੋਂ 24 ਘੰਟੇ ਬਿਜਲੀ ਪਿੰਡ ਗੁੱਦੜ ਢੰਡੀ ਫੀਡਰ ਰਾਹੀਂ ਇਲਾਕੇ ਦੇ ਸੱਤ ਪਿੰਡਾਂ ਗੁੱਦੜ ਢੰਡੀ, ਚਾਂਦੀ ਵਾਲਾ, ਲਾਲਚੀਆਂ, ਚੱਕ ਬੁੱਢੇ ਸ਼ਾਹ, ਚੱਕ ਸੋਮੀਆ, ਕੋਹਰ ਸਿੰਘ ਵਾਲਾ, ਮਾੜੇ ਕਲਾ ਤੇ ਅਨੇਕਾਂ ਹੀ ਢਾਣੀਆਂ ਨੂੰ ਬਿਜਲੀ ਸਪਲਾਈ ਹੁੰਦੀ ਹੈ | 11 ਕੇ. ਵੀ. ਲਾਈਨ ਬਹੁਤ ਜ਼ਿਆਦਾ ਲੰਬੀ ਹੋਣ ਕਰਨ ਲਗਪਗ ਰੋਜ਼ਾਨਾ ਹੀ ਇਸ ਫੀਡਰ 'ਚ ਫਾਲਟ ਪਿਆ ਰਹਿੰਦਾ ਹੈ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਸ ਲਾਈਨ ਵਿਚ ਫਾਲਟ ਚੱਲ ਰਿਹਾ ਹੈ ਅਤੇ ਰੋਜ਼ਾਨਾ ਬਿਜਲੀ ਸਪਲਾਈ ਕੇਵਲ ਦੋ, ਚਾਰ ਘੰਟੇ ਹੀ ਚੱਲਦੀ ਹੈ | ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਲਾਈਨਮੈਨ ਤੋਂ ਲੈ ਕੇ ਐੱਸ. ਸੀ. ਤੱਕ ਸਭ ਅਧਿਕਾਰੀਆਂ ਨੂੰ ਬਿਜਲੀ ਸਮੱਸਿਆ ਤੋਂ ਫ਼ੋਨ ਰਾਹੀਂ ਜਾਣੂੰ ਕਰਵਾਇਆ ਪਰ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤੇ ਨਾ ਹੀ ਬਿਜਲੀ ਦੀ ਸਪਲਾਈ ਚਾਲੂ ਕਰਨ ਲਈ ਕੋਈ ਠੋਸ ਨੀਤੀ ਅਪਣਾਈ | ਹੁਣ ਵੀ ਇਹਨਾਂ ਬਿਜਲੀ ਕਰਮਚਾਰੀਆਂ ਦੇ ਅਧਿਕਾਰੀਆਂ ਵਲੋਂ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਜਾ ਰਿਹਾ | ਕਿਸਾਨ ਆਗੂ ਨੇ ਮੰਗ ਕੀਤੀ ਕਿ ਇਸ ਫੀਡਰ 'ਤੇ ਪਿੰਡ ਜ਼ਿਆਦਾ ਹੋਣ ਕਾਰਨ 11 ਕੇ. ਵੀ. ਲਾਈਨ ਬਹੁਤ ਲੰਬੀ ਹੈ, ਇਸ ਕਰਕੇ ਇਕ ਹੋਰ ਨਵਾਂ ਫੀਡਰ ਬਣਾ ਕੇ ਪਿੰਡਾਂ ਦੀ ਸਪਲਾਈ ਵੰਡੀ ਜਾਵੇ |
ਪਿਛਲੀ ਖ਼ਬਰ ਸਾਇੰਸ ਮਾਸਟਰ ਸਚਿਨ ਕੁਮਾਰ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ 'ਚ ਕੀਤੀ ਵਿਲੱਖਣ ਪ੍ਰਾਪਤੀ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਲੋਂ ਰੇਲਵੇ ਕਰਮਚਾਰੀਆਂ ਲਈ ਸੀ. ਪੀ. ਆਰ. ਸਿਖਲਾਈ ਕੈਂਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।