17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਇਕ ਵਾਰ ਫਿਰ ਪਾਣੀ ਦੀ ਮਾਰ ਹੇਠ

ਅਜੀਤ ਡੈਸਕ 22-01-2026
ਫ਼ਿਰੋਜ਼ਪੁਰ, 21 ਜਨਵਰੀ (ਗੁਰਿੰਦਰ ਸਿੰਘ)-ਹਾਲ ਹੀ ਵਿਚ ਪੰਜਾਬ ਵਿਚ ਆਏ ਭਾਰੀ ਹੜ੍ਹਾਂ ਕਾਰਨ ਵੱਡੀ ਮਾਰ ਝੱਲ ਚੁੱਕੇ ਫ਼ਿਰੋਜ਼ਪੁਰ ਦੇ ਨਾਲ ਲੱਗਦੇ ਸਰਹੱਦੀ ਪਿੰਡ ਬੀਤੇ ਦਿਨ ਹਰੀਕੇ ਹੈੱਡ ਵਰਕਸ ਤੋਂ ਅਚਾਨਕ ਛੱਡੇ ਗਏ ਪਾਣੀ ਕਾਰਨ ਇਕ ਵਾਰ ਫਿਰ ਪਾਣੀ ਦੀ ਮਾਰ ਹੇਠ ਆ ਗਏ ਹਨ | ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਸਰਹੱਦੀ ਪਿੰਡ ਗੱਡੀ ਰਾਜੋ ਕੇ ਵਿਖੇ ਬਣਿਆ ਆਰਜ਼ੀ ਬੰਨ੍ਹ ਟੁੱਟ ਗਿਆ | ਜਿਸ ਨਾਲ ਦਰਿਆ ਦਾ ਪਾਣੀ ਸਿੱਧਾ ਕਿਸਾਨਾਂ ਦੇ ਖੇਤਾਂ ਵਿਚ ਦਾਖਲ ਹੋ ਗਿਆ | ਇਸ ਅਚਾਨਕ ਆਏ ਪਾਣੀ ਨੇ ਕਿਸਾਨਾਂ ਦੀਆਂ ਖੜੀਆਂ ਫ਼ਸਲਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ ਕਈ ਏਕੜ ਰਕਬੇ 'ਚ ਕਣਕ ਅਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਅਗਸਤ 2025 ਵਿਚ ਆਏ ਹੜ੍ਹਾਂ ਤੋਂ ਬਾਅਦ ਵਿਭਾਗੀ ਅਧਿਕਾਰੀਆਂ ਵਲੋਂ ਇਸ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਲਈ ਠੋਸ ਕਦਮ ਨਾ ਚੁੱਕੇ ਜਾਣ ਤੋਂ ਅੱਕੇ ਲੋਕਾਂ ਵਲੋਂ ਫ਼ਸਲਾਂ ਨੂੰ ਬਚਾਉਣ ਲਈ ਖ਼ੁਦ ਬੰਨ੍ਹ ਨੂੰ ਬੰਨ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪ੍ਰਭਾਵਿਤ ਪਿੰਡ ਭੱਖੜਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਲਈ ਇਹ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਇਸ ਅਚਾਨਕ ਬਣੇ ਹਾਲਾਤ ਨੇ ਉਨ੍ਹਾਂ ਨੂੰ ਗੰਭੀਰ ਆਰਥਿਕ ਸੰਕਟ ਵਿਚ ਧੱਕ ਦਿੱਤਾ ਹੈ | ਕਿਸਾਨਾਂ ਨੇ ਦੱਸਿਆ ਕਿ ਪਾਣੀ ਖੇਤਾਂ ਵਿਚ ਭਰ ਜਾਣ ਕਾਰਨ ਬੀਜੀ ਗਈ ਫ਼ਸਲ ਸੜਨ ਦਾ ਖ਼ਤਰਾ ਵੀ ਵੱਧ ਗਿਆ ਹੈ | ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਇਹ ਆਰਜ਼ੀ ਬੰਨ੍ਹ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਾ ਹੈ | ਉਨ੍ਹਾਂ ਦੱਸਿਆ ਕਿ 2023 ਅਤੇ ਫਿਰ 2025 ਵਿਚ ਆਏ ਹੜ੍ਹਾਂ ਦੌਰਾਨ ਵੀ ਇਹ ਬੰਨ੍ਹ ਟੁੱਟ ਗਿਆ ਸੀ | ਜਿਸ ਕਾਰਨ ਉਸ ਸਮੇਂ ਵੀ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ | ਬਾਵਜੂਦ ਇਸ ਦੇ ਪ੍ਰਸ਼ਾਸਨ ਵਲੋਂ ਇਸ ਬੰਨ੍ਹ ਦੀ ਪੱਕੀ ਅਤੇ ਮਜ਼ਬੂਤ ਮੁਰੰਮਤ ਨਹੀਂ ਕੀਤੀ ਗਈ ਜਿਸ ਦਾ ਖ਼ਮਿਆਜ਼ਾ ਹਰ ਵਾਰ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ | ਕਿਸਾਨਾਂ ਨੇ ਕਿਹਾ ਕਿ ਹਰ ਸਾਲ ਹੜ੍ਹਾਂ ਜਾਂ ਅਚਾਨਕ ਛੱਡੇ ਪਾਣੀ ਦੌਰਾਨ ਇਹ ਇਲਾਕਾ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦਾ ਹੈ, ਪਰ ਸਮੱਸਿਆ ਦਾ ਸਥਾਈ ਹੱਲ ਅਜੇ ਤੱਕ ਨਹੀਂ ਕੱਢਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਟੁੱਟੇ ਹੋਏ ਆਰਜ਼ੀ ਬੰਨ੍ਹ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਭਵਿੱਖ ਵਿਚ ਇਸ ਨੂੰ ਪੱਕੇ ਤੌਰ 'ਤੇ ਮਜ਼ਬੂਤ ਕੀਤਾ ਜਾਵੇ, ਤਾਂ ਜੋ ਮੁੜ ਇਸ ਤਰ੍ਹਾਂ ਦੀ ਤਬਾਹੀ ਤੋਂ ਬਚਿਆ ਜਾ ਸਕੇ | ਪ੍ਰਭਾਵਿਤ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਫ਼ਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਸਰਹੱਦੀ ਖੇਤਰਾਂ ਵਿਚ ਖੇਤੀ ਕਰਨੀ ਮੁਸ਼ਕਿਲ ਹੋ ਜਾਵੇਗੀ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਬਦਤਰ ਹੋ ਜਾਵੇਗੀ |
ਪਿਛਲੀ ਖ਼ਬਰ ਮਿਲਾਵਟਖੋਰੀ ਸਮਾਜ ਨੂੰ ਮੌਤ ਵੱਲ ਧੱਕ ਰਹੀ ਹੈ-ਬਲਬੀਰ ਸਿੰਘ ਝਿੱਕਾ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਤਹਿਤ ਜਾਗਰੂਕਤਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।