ਸਿਵਲ ਹਸਪਤਾਲ ਫ਼ਿਰੋਜ਼ਪੁਰ ਕਾਗ਼ਜ਼ਾਂ 'ਚ ਸਿਹਤ ਕ੍ਰਾਂਤੀ, ਹਕੀਕਤ 'ਚ ਮਰੀਜ਼ ਕੁਰਸੀ 'ਤੇ
ਅਜੀਤ ਡੈਸਕ
22-01-2026
• ਅੱਖ ਦਾ ਆਪ੍ਰੇਸ਼ਨ ਕਰਾਉਣ ਆਈ ਬਜ਼ੁਰਗ ਮਹਿਲਾ ਨੂੰ ਬੈੱਡ ਤੱਕ ਨਾ ਹੋਇਆ ਨਸੀਬ
ਫ਼ਿਰੋਜ਼ਪੁਰ, 21 ਜਨਵਰੀ (ਗੁਰਿੰਦਰ ਸਿੰਘ)-ਸਿਵਲ ਹਸਪਤਾਲਾਂ ਵਿਚ ਲੋਕਾਂ ਨੂੰ ਮਿਆਰੀ ਅਤੇ ਉੱਤਮ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਸਰਕਾਰ ਅਤੇ ਸਿਹਤ ਵਿਭਾਗ ਦੇ ਦਾਅਵੇ ਜ਼ਮੀਨੀ ਪੱਧਰ 'ਤੇ ਖੋਖਲੇ ਸਾਬਤ ਹੋ ਰਹੇ ਹਨ | ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਹਾਲਤ ਇਹ ਹੈ ਕਿ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਢੰਗ ਦੀ ਸਿਹਤ ਸੇਵਾ ਤਾਂ ਕੀ, ਬੈਠਣ ਜਾਂ ਆਰਾਮ ਕਰਨ ਲਈ ਬੈੱਡ ਤੱਕ ਵੀ ਨਸੀਬ ਨਹੀਂ ਹੋ ਪਾ ਰਹੇ | ਹਸਪਤਾਲ ਵਿਚ ਮਰੀਜ਼ਾਂ ਦੀ ਵਧਦੀ ਭੀੜ ਅਤੇ ਸਹੂਲਤਾਂ ਦੀ ਘਾਟ ਨੇ ਸਿਹਤ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ | ਇਕ ਪਾਸੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪ੍ਰਾਸ਼ਰ ਵਲੋਂ ਦੇਰ ਰਾਤ ਕਿਸੇ ਮਰੀਜ਼ ਦੀ ਫ਼ੋਨ ਰਾਹੀਂ ਕੀਤੀ ਗਈ ਸ਼ਿਕਾਇਤ 'ਤੇ ਤੁਰੰਤ ਸਿਵਲ ਹਸਪਤਾਲ ਪਹੁੰਚ ਕੇ ਐਮਰਜੈਂਸੀ ਅਤੇ ਜੱਚਾ-ਬੱਚਾ ਵਾਰਡਾਂ ਦੀ ਚੈਕਿੰਗ ਕਰਨ ਅਤੇ ਉੱਥੇ ਗੰਭੀਰ ਖ਼ਾਮੀਆਂ ਪਾਏ ਜਾਣ 'ਤੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਟਾਫ਼ ਨੂੰ ਤਲਬ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਉਨ੍ਹਾਂ ਦਾਅਵਿਆਂ ਤੋਂ ਕੁੱਝ ਘੰਟਿਆਂ ਬਾਅਦ ਹੀ ਉਸੇ ਸਿਵਲ ਹਸਪਤਾਲ ਦੇ ਅੱਖ ਵਿਭਾਗ ਵਿਚ ਹੋਰ ਵੱਡੀਆਂ ਖ਼ਾਮੀਆਂ ਸਾਹਮਣੇ ਆ ਗਈਆਂ | ਇਨ੍ਹਾਂ ਖ਼ਾਮੀਆਂ ਬਾਰੇ ਸਿਵਲ ਸਰਜਨ ਨੂੰ ਜਾਣੂ ਕਰਵਾਉਣ ਲਈ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫ਼ੋਨ ਅਟੈਂਡ ਨਾ ਕਰਨ ਕਾਰਨ ਇਹ ਕੋਸ਼ਿਸ਼ਾਂ ਅਸਫਲ ਰਹੀਆਂ | ਪੀੜਤ ਬਜ਼ੁਰਗ ਮਹਿਲਾ ਸੁਨੀਤਾ ਪਤਨੀ ਚਿਰੰਜੀ ਲਾਲ ਵਾਸੀ ਗਲੀ ਨੰਬਰ. 2, ਸੂਰਜ ਵਿਹਾਰ ਫ਼ਿਰੋਜ਼ਪੁਰ ਸ਼ਹਿਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੀ ਅੱਖ ਦਾ ਆਪ੍ਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਦੇ ਅੱਖਾਂ ਵਾਲੇ ਵਾਰਡ ਵਿਚ ਪਹੁੰਚੀ, ਪਰ ਉੱਥੇ ਦੇ ਅੰਦਰਲੇ ਦਿ੍ਸ਼ ਨੇ ਉਸ ਨੰੂ ਹੈਰਾਨ ਕਰ ਦਿੱਤਾ | ਵਾਰਡ ਦੀ ਹਾਲਤ ਇੰਨੀ ਮਾੜੀ ਸੀ ਕਿ ਆਪ੍ਰੇਸ਼ਨ ਲਈ ਆਏ ਮਰੀਜ਼ਾਂ ਲਈ ਬੈੱਡ ਉਪਲਬਧ ਨਹੀਂ ਸਨ | ਮਜਬੂਰੀ ਵੱਸ ਇਕ-ਇਕ ਬੈੱਡ 'ਤੇ ਦੋ-ਦੋ ਮਰੀਜ਼ ਲੇਟ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਇਸ ਦਰਦਨਾਕ ਦਿ੍ਸ਼ ਨੂੰ ਦੇਖ ਕੇ ਮਨ ਬਹੁਤ ਭਾਵੁਕ ਹੋ ਗਿਆ ਅਤੇ ਆਿਖ਼ਰਕਾਰ ਉਸ ਨੰੂ ਕੁਰਸੀ 'ਤੇ ਬੈਠ ਕੇ ਆਪਣੀ ਅੱਖ ਦੇ ਆਪ੍ਰੇਸ਼ਨ ਦੀ ਉਡੀਕ ਕਰਨੀ ਪਈ | ਪੀੜਤ ਮਹਿਲਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਰਹੀ ਕਿ ਆਪ੍ਰੇਸ਼ਨ ਹੋ ਜਾਣ ਤੋਂ ਬਾਅਦ ਵੀ ਉਸ ਨੰੂ ਬੈੱਡ ਨਹੀਂ ਮਿਲਿਆ, ਜਿਸ ਕਾਰਨ ਉਸ ਨੰੂ ਮਜਬੂਰਨ ਘਰ ਵਾਪਸ ਜਾਣਾ ਪਿਆ | ਸਿਵਲ ਹਸਪਤਾਲ ਦੇ ਹਾਲਤਾਂ ਬਾਰੇ ਰੋਸ ਪ੍ਰਗਟ ਕਰਦਿਆਂ ਸੁਨੀਤਾ ਰਾਣੀ ਨੇ ਕਿਹਾ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਹਸਪਤਾਲਾਂ ਵਿਚ ਮਰੀਜ਼ਾਂ ਲਈ ਬੁਨਿਆਦੀ ਸਹੂਲਤਾਂ ਵੀ ਮੌਜੂਦ ਨਹੀਂ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਵਰਗੇ ਗੰਭੀਰ ਮਾਮਲੇ ਵਿਚ ਵੀ ਬੈੱਡ ਨਾ ਮਿਲਣਾ ਸਿਹਤ ਪ੍ਰਣਾਲੀ ਦੀ ਨਾਕਾਮੀ ਨੂੰ ਦਰਸਾਉਂਦਾ ਹੈ | ਅਜਿਹੇ ਹਾਲਤਾਂ ਵਿਚ ਗ਼ਰੀਬ ਅਤੇ ਬਜ਼ੁਰਗ ਮਰੀਜ਼ਾਂ ਦਾ ਇਲਾਜ ਕਰਵਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ | ਇਸ ਸੰਬੰਧੀ ਜਦੋਂ ਪੱਖ ਜਾਣਨ ਲਈ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪ੍ਰਾਸ਼ਰ ਨਾਲ ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਸੰਪਰਕ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫ਼ੋਨ ਅਟੈਂਡ ਨਹੀਂ ਕੀਤਾ |