ਮੰਡੀ ਲਾਧੂਕਾ, 21 ਜਨਵਰੀ (ਰਾਕੇਸ਼ ਛਾਬੜਾ)-ਕਣਕ ਦੀ ਫ਼ਸਲ ਨੂੰ ਫੁਟਾਰੇ ਲਈ ਮੀਂਹ ਦੀ ਸਖ਼ਤ ਲੋੜ ਦੱਸੀ ਗਈ ਹੈ | ਇਸ ਖੇਤਰ 'ਚ ਪੋਹ ਦਾ ਸਾਰਾ ਮਹੀਨਾ ਮੀਂਹ ਪੱਖੋਂ ਸੁੱਕਾ ਲੰਘ ਗਿਆ ਹੈ | ਕਿਸਾਨਾਂ ਦੇ ਨਾਲ ਨਾਲ ਖੇਤੀ ਮਾਹਿਰ ਵੀ ਮੀਂਹ ਨਾ ਪੈਣ ਕਾਰਨ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ | ਖੇਤੀ ਮਾਹਿਰਾਂ ਦਾ ਕਹਿਣਾ ਹੈ ਇਸ ਵੇਲੇ ਹਲਕਾ ਫੁਲਕਾ ਮੀਂਹ ਵੀ ਹਾੜੀ ਦੀਆਂ ਫ਼ਸਲਾਂ ਲਈ ਘਿਉ ਵਾਂਗ ਕੰਮ ਕਰਦਾ ਹੈ | ਜ਼ਿਲ੍ਹਾ ਫ਼ਾਜ਼ਿਲਕਾ ਦੇ ਖੇਤੀਬਾੜੀ ਵਿਭਾਗ ਦੀ ਮੁੱਖ ਅਫ਼ਸਰ ਡਾ. ਹਰਪੀ੍ਰਤ ਪਾਲ ਕੌਰ ਨੇ ਕਿਹਾ ਹੈ ਤਾਪਮਾਨ ਦਾ ਘੱਟ ਰਹਿਣਾ ਕਣਕ ਦੀ ਫ਼ਸਲ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਪਰ ਵਰਤਮਾਨ ਸਮੇਂ 'ਚ ਕਣਕ ਦੀ ਫ਼ਸਲ ਦੇ ਫੂਟਾਰੇ ਲਈ ਮੀਂਹ ਦੀ ਵੀ ਸਖ਼ਤ ਜ਼ਰੂਰਤ ਹੈ | ਉਨ੍ਹਾਂ ਨੇ ਕਿਹਾ ਹੈ ਨਵੰਬਰ ਤੇ ਦਸੰਬਰ ਮਹੀਨਾ ਮੀਂਹ ਦੇ ਲਿਹਾਜ਼ ਤੋਂ ਸੁੱਕਾ ਲੰਘ ਗਿਆ ਹੈ, ਇਨ੍ਹਾਂ ਮਹੀਨਿਆਂ 'ਚ ਔਸਤ ਤੋਂ ਘੱਟ ਮੀਂਹ ਪਿਆ ਹੈ | ਉਨ੍ਹਾਂ ਨੇ ਕਿਹਾ ਹੈ ਕਣਕ ਦੀ ਫ਼ਸਲ ਨੂੰ ਇਸ ਵਕਤ ਭਰਵੇਂ ਮੀਂਹ ਦੀ ਸਖ਼ਤ ਜ਼ਰੂਰਤ ਹੈ | ਪਿੰਡ ਅੱਚਾੜਿੱਕੀ ਦੇ ਕਿਸਾਨ ਮਿਲਖ ਰਾਜ ਕੰਬੋਜ ਨੇ ਕਿਹਾ ਹੈ ਇਸ ਵਕਤ ਕਣਕ ਦੀ ਫ਼ਸਲ ਨੂੰ ਮੀਂਹ ਦੀ ਸਖ਼ਤ ਲੋੜ ਹੈ, ਮੀਂਹ ਪੈਣ ਨਾਲ ਫ਼ਸਲਾਂ ਦੇ ਪੱਤੇ ਧੋਤੇ ਜਾਂਦੇ ਹਨ, ਪੱਤਿਆਂ ਉੱਪਰਲੀ ਧੂੜ ਗਰਦਾ ਸਾਫ਼ ਹੋ ਜਾਣ ਨਾਲ ਫ਼ਸਲਾਂ ਦਾ ਵਾਧਾ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ, ਕੁਲ ਮਿਲਾ ਕੇ ਮੀਂਹ ਦੀ ਫ਼ਸਲ ਨੂੰ ਇਕ ਭਰਵੇਂ ਮੀਂਹ ਦੀ ਦਰਕਾਰ ਹੈ |