ਮਾਨ ਸਰਕਾਰ ਮਹਿਲਾਵਾਂ ਦਾ 60-60 ਹਜ਼ਾਰ ਰੁਪਇਆ ਦੇਵੇ- ਹਰਸਿਮਰਤ ਕੌਰ ਬਾਦਲ
ਸੰਗਰੂਰ, 28 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ ਯਾਤਰਾ ਅਧੀਨ ਰੋਸ ਪ੍ਰਦਰਸ਼ਨ ਡੀ. ਸੀ.
ਸੰਗਰੂਰ, 28 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਮਾਵਾਂ ਧੀਆਂ ਨੂੰ ਇਨਸਾਫ਼ ਦਿਵਾਓ ਯਾਤਰਾ ਅਧੀਨ ਰੋਸ ਪ੍ਰਦਰਸ਼ਨ ਡੀ.ਸੀ. ਦਫ਼ਤਰ ਅੱਗੇ ਕੀਤਾ ਗਿਆ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਕੇਵਲ ਅਕਾਲੀ ਦਲ ਦੀਆਂ ਮਹਿਲਾਵਾਂ ਵਲੋਂ ਕਾਲੀਆਂ ਦੁਪੱਟੇ ਲੈ ਕੇ ਕੀਤਾ ਗਿਆ, ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਲੋਕ ਸਭਾ ਦੇ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ‘ਤੇ ਪੁੱਜੇ। ਰੈਲੀ ਦੌਰਾਨ ਮੀਂਹ ਦੇ ਬਾਵਜੂਦ ਬੀਬੀਆਂ ਰੈਲੀ ਚ ਡਟੀਆਂ ਰਹੀਆਂ। ਬੀਬਾ ਹਰਸਿਮਰਤ ਕੌਰ ਬਾਦਲ ਨੇ ਮਹਿਲਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਪਹਿਲਾਂ ਬੀਬੀਆਂ ਦਾ ਬਣਦਾ 60-60 ਹਜ਼ਾਰ ਬਕਾਇਆ ਦੇਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨਸ਼ਿਆਂ ਵਿੱਚ ਡੁੱਬ ਰਿਹਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਕੀਮਤ ਸਾਡੀਆਂ ਮਾਵਾਂ ਧੀਆਂ ਅਦਾ ਕਰ ਰਹੀਆਂ ਹਨ।ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਪੰਜਾਬ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਾਂ। ਬਾਰਸ਼ ਦੇ ਬਾਵਜੂਦ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਅੱਗੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਕਿਸੇ ਦੀ ਖ਼ੈਰਾਤ ਨਹੀਂ ਸਗੋਂ ਨਿਆਏ ਸਨਮਾਨ ਸੁਰੱਖਿਆ ਅਤੇ ਜਵਾਬਦੇਹੀ ਦੀ ਮੰਗ ਕਰ ਰਹੀਆਂ ਹਨ। ਬੀਬੀ ਪਰਮਜੀਤ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਕਾਲੀ ਦਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਹਲਕਾ ਇੰਚਾਰਜ ਅਤੇ ਉਮੀਦ ਦੇ ਚੇਅਰਮੈਨ ਅਰਵਿੰਦ ਖੰਨਾ ਨੇ ਮਹਿਲਾਵਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਸੀ ਕਿ ਪੰਜਾਬ ’ਚੋਂ ਨਸ਼ਾ ਜੜ੍ਹ ਤੋਂ ਖ਼ਤਮ ਕਰ ਦੇਵੇਗਾ ਪ੍ਰੰਤੂ ਇਸ ਨੇ ਨਸ਼ਾ ਪਰਚੂਨ ਦੀਆਂ ਦੁਕਾਨਾਂ ਵਿੱਚ ਵਿਕਣ ਲਗਾ ਦਿੱਤਾ ਅਤੇ ਹੁਣ ਆਪਣੇ ਵਾਅਦਿਆਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤੁਹਾਡੇ ਇਸ ਭਾਰੀ ਇਕੱਠ ਨੇ ਅੱਜ ਮਾਨ ਸਰਕਾਰ ਨੂੰ ਕੰਬਣੀ ਛੇੜ ਦਿੱਤੀ ਹੈ। ਅਰਵਿੰਦ ਖੰਨਾ ਨੇ ਕਿਹਾ ਕਿ ਅੱਜ ਇਸ ਇਨਸਾਫ਼ ਯਾਤਰਾ ਵ’ਚ ਹਜ਼ਾਰਾਂ ਦੀ ਸੰਖਿਆ ਵਿੱਚ ਮਹਿਲਾਵਾਂ ਨੇ ਪਹੁੰਚ ਕੇ ਸਾਬਿਤ ਕਰ ਦਿੱਤਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੈ ਅਤੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਚਾਹੁੰਦੇ ਹਨ ਜੋ ਕਿ ਛੋਟੇ ਜਿਹੇ ਬੁਲਾਵੇ ਤੇ ਏਨੀ ਭਾਰੀ ਗਿਣਤੀ ਵਿੱਚ ਇਹ ਮਾਂਵਾਂ—ਧੀਆਂ ਪਹੁੰਚੀਆਂ ਹਨ। ਉਨ੍ਹਾਂ ਰੈਲੀ ਵਿੱਚ ਸ਼ਾਮਿਲ ਸਾਰਿਆਂ ਬੀਬੀਆਂ ਦੇ ਜਥਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਦਰਸ਼ਨ ਮਗਰੋਂ ਜਦੋਂ ਬੀਬੀ ਬਾਦਲ ਦੀ ਅਗਵਾਈ ਹੇਠ ਵਰ੍ਹਦੇ ਮੀਂਹ ਰਾਜਪਾਲ ਦੇ ਨਾਂ ਮੰਗ ਪੱਤਰ ਦੇਣ ਲਈ ਅਕਾਲੀ ਲੀਡਰਸ਼ਿਪ ਅੱਗੇ ਵਧੀ ਤਾਂ ਪੁਲਿਸ ਨੇ ਡੀਸੀ ਦਫ਼ਤਰ ਦਾ ਬੂਹਾ ਬੰਦ ਕਰਕੇ ਅੰਦਰ ਦਾਖ਼ਲ ਹੋਣੋਂ ਰੋਕ ਦਿੱਤਾ। ਬੀਬੀ ਬਾਦਲ ਸਣੇ ਮੌਕੇ ਤੇ ਮੌਜੂਦ ਬੀਬੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਮਗਰੋਂ ਪੁਲਿਸ ਨੇ ਪੰਜ ਆਗੂਆਂ ਦੇ ਵਫ਼ਦ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਤਾਂ ਬੀਬੀ ਬਾਦਲ ਮੰਗ ਪੱਤਰ ਦੇਣ ਲਈ ਡੀਸੀ ਦਫ਼ਤਰ ਪਹੁੰਚੇ, ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੀਸੀ ਆਪਣੇ ਦਫ਼ਤਰ ਵਿਚ ਮੌਜੂਦ ਨਹੀ ਤਾਂ ਉਹ ਸਿੱਧਾ ਡੀ.ਸੀ. ਪੂਨਮਦੀਪ ਕੌਰ ਦੇ ਦਫ਼ਤਰ ਚ ਦਾਖਲ ਹੋ ਗਏ । ਜਿੱਥੇ ਉਨ੍ਹਾਂ ਨੇ ਡੀ.ਸੀ. ਦੀ ਖ਼ਾਲੀ ਕੁਰਸੀ ਉੱਤੇ ਆਪਣਾ ਮੰਗ ਪੱਤਰ ਰੱਖ ਦਿੱਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਤਾ ਸੀ ਕਿ ਅਕਾਲੀ ਦਲ ਦੀਆਂ ਬੀਬੀਆਂ ਆਪਣਾ ਮੰਗ ਪੱਤਰ ਦੇਣ ਲਈ ਆ ਰਹੀਆਂ ਹਨ ਤਾਂ ਇਹ ਆਪਣਾ ਦਫ਼ਤਰ ਛੱਡ ਕੇ ਭੱਜ ਗਏ ਹਨ । ਇਸ ਮੌਕੇ ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਰ ਭਗਵੰਤ ਮਾਨ ਸਰਕਾਰ ਨੂੰ ਨਸ਼ੇ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਘੇਰਿਆ। ਪ੍ਰੈੱਸ ਨਾਲ ਗੱਲ ਕਰਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲਿੱਬੜੀ ਹੋਈ ਹੈ, ਗਮਾਡਾ ਉੱਤੇ ਹੋਏ ਈਡੀ ਦੇ ਛਾਪੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਤੋ ਆਏ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਨੇ ਕਰੋੜਾ ਰੁਪਏ ਦਾ ਘਪਲਾ ਕੀਤਾ ਹੈ। ਇਸ ਮੌਕੇ ਐਮ.ਸੀ. ਰੀਤੂ ਕੰਡਾ, ਮੰਜ਼ੁਲਾ ਸ਼ਰਮਾ, ਸਿਮਰਤ ਰਾਣਾ ਪੂਨੀਆ ਐਮਸੀ, ਸੁਖਵਿੰਦਰ ਕੌਰ ਅਤੇ ਐਸ.ਓ.ਆਈ. ਦੀ ਪ੍ਰਧਾਨ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਨਸ਼ਾ ਮੁਕਤ ਪੰਜਾਬ ਦੀ ਮੰਗ ਕੀਤੀ। ਇਸ ਮੌਕੇ ਬਬੀਤਾ ਅਗਰਵਾਲ ਐਮਸੀ, ਵੀਰਪਾਲ ਕੌਰ ਸੰਗਤਪੁਰਾ ਮੈਂਬਰ ਬਲਾਕ ਸੰਮਤੀ, ਸੁਖਵਿੰਦਰ ਕੌਰ, ਸੰਦੀਪ ਕੌਰ ਵਾਲੀਆ, ਪੂਨਮ ਸਿੰਘਲਾ, ਰਮਿੰਦਰ ਕੌਰ ,ਪੂਜਾ ਧਾਲੀਵਾਲ, ਬਲਜੀਤ ਕੌਰ ਰਾਮਨਗਰ ਬਸਤੀ, ਅਨੀਤਾ ਰਾਣੀ, ਦਰਸ਼ਨਾਂ ਰਾਣੀ, ਅੰਗਰੇਜ਼ ਕੌਰ, ਨੇਹਾ ਗਰੋਵਰ, ਨਰੇਸ਼ ਸ਼ਰਮਾ, ਬਬਲੀ ਲੋਟ, ਪਰਮਜੀਤ ਕੌਰ ਮੌੜ, ਪਰਮਜੀਤ ਕੌਰ ਭਵਾਨੀਗੜ੍ਹ, ਪ੍ਰਕਾਸ਼ ਕੌਰ ਕਾਲਾ ਝਾੜ, ਹਰਬੰਸ ਕੌਰ, ਅਮਨਦੀਪ ਕੌਰ ਕਾਕੜਾ ਅਤੇ ਵੱਡੀ ਗਿਣਤੀ ਵਿੱਚ ਜਥੇਦਾਰਾਂ ਦੀਆਂ ਪਰਿਵਾਰਿਕ ਮਹਿਲਾਵਾਂ ਤੋਂ ਇਲਾਵਾ ਇਕਬਾਲਜੀਤ ਪੂਨੀਆ, ਹਰਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਡਾ. ਗੁਰਦਰਸ਼ਨ ਸਿੰਘ, ਪਰਮਜੀਤ ਸਿੰਘ ਸੰਗਤਪੁਰ, ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ ਖ਼ਾਲਸਾ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਗੁਰਮੀਤ ਸਿੰਘ ਕਾਕਾ, ਦਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ।