ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸਿੰਘ ਸ਼ੇਰੋਂ ਦੇ ਮਾਮਲਿਆਂ ’ਚ ਨਿਰਪੱਖ ਜਾਂਚ ਲਈ ਭਾਜਪਾ ਨੇ ਸੌਂਪਿਆ ਮੰਗ ਪੱਤਰ
ਸੰਗਰੂਰ, 9 ਸਤੰਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰਬੰਜਾਰਾ ’ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜਾਨ ਗੁਆ ਚੁੱਕੇ ਗੁਲਜ਼ਾਰ ਸਿੰਘ ਅਤੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਉੱਤੇ ਹੋਏ ਤਸ਼ੱਦਦ ਦੇ ਮਾਮਲਿਆਂ ’ਚ ਭਾਜਪਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਦਿਆਂ ਸੀ. ਬੀ.
ਸੰਗਰੂਰ, 9 ਸਤੰਬਰ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰਬੰਜਾਰਾ ’ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜਾਨ ਗੁਆ ਚੁੱਕੇ ਗੁਲਜ਼ਾਰ ਸਿੰਘ ਅਤੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਉੱਤੇ ਹੋਏ ਤਸ਼ੱਦਦ ਦੇ ਮਾਮਲਿਆਂ ’ਚ ਭਾਜਪਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਦਿਆਂ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਅੱਜ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅੰਕੂਰ ਮਹਿੰਦਰੂ ਨੂੰ ਮੰਗ ਪੱਤਰ ਸੌਂਪਣ ਪਹੁੰਚੇ ਭਾਜਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਦਬਾਅ ਹੇਠ ਕੰਮ ਕਰ ਰਹੀ ਪੰਜਾਬ ਪੁਲਿਸ ਦੀ ਜਾਂਚ ਉੱਤੇ ਭੋਰਾ ਵੀ ਯਕੀਨ ਨਹੀਂ। ਇਸ ਲਈ ਇਨ੍ਹਾਂ ਦੋਹਾਂ ਮਾਮਲਿਆਂ ਵਿਚ ਸੀ.ਬੀ.ਆਈ. ਪਾਸੋਂ ਨਿਰਪੱਖ ਜਾਂਚ ਕਰਵਾ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾਵੇ । ਭਾਜਪਾ ਵਲੋਂ ਸੌਂਪੇ ਗਏ ਮੰਗ-ਪੱਤਰ ’ਚ ਜਾਂਚ ਦੌਰਾਨ 8 ਵੱਖ-ਵੱਖ ਪਹਿਲੂਆਂ ’ਤੇ ਗੰਭੀਰਤਾ ਨਾਲ ਕੰਮ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ । ਭਾਜਪਾ ਨੇ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ’ਚ ਹੋਈ ਹੁਣ ਤੱਕ ਦੀ ਜਾਂਚ ਦੌਰਾਨ ਸਿਆਸੀ ਦਬਾਅ ਜਾਂ ਪ੍ਰਭਾਵ ਦੀ ਭੂਮਿਕਾ ਵੀ ਜਨਤਕ ਕੀਤੀ ਜਾਵੇ । ਗੁਲਜ਼ਾਰ ਸਿੰਘ ਦੀ ਮੌਤ ਤੋਂ ਪਹਿਲਾਂ ਸਾਹਮਣੇ ਆਈ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ ਅਤੇ ਵੀਡੀਓ ਨਾਲ ਸੰਬੰਧਿਤ ਡਿਜੀਟਲ ਸਬੂਤਾਂ ਨੂੰ ਸੁਰੱਖਿਅਤ ਕਰ ਕੇ ਜਾਂਚ ਵੀ ਸ਼ਾਮਿਲ ਕੀਤਾ ਜਾਵੇ । ਇਨ੍ਹਾਂ ਦੋਹਾਂ ਮਾਮਲਿਆਂ ’ਚ ਮੈਡੀਕਲ ਇਲਾਜ ਦੌਰਾਨ ਪਾਈਆਂ ਗਈਆਂ ਖ਼ਾਮੀਆਂ ਦੀ ਸੁਤੰਤਰ ਮੈਡੀਕਲ ਜਾਂਚ ਕਰਵਾਈ ਜਾਵੇ। ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇ । ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਸਾਰੇ ਗਵਾਹਾਂ, ਪਰਿਵਾਰਕ ਮੈਂਬਰਾਂ ਅਤੇ ਘਟਨਾ ਨਾਲ ਸੰਬੰਧਿਤ ਵਿਅਕਤੀਆਂ ਦੇ ਬਿਆਨ ਕਾਨੂੰਨ ਅਨੁਸਾਰ ਦਰਜ ਕੀਤੇ ਜਾਣ । ਭਾਜਪਾ ਨੇ ਮੰਗ ਪੱਤਰ ਰਾਹੀਂ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਮਾਮਲਾ ਕੇਵਲ ਇੱਕ ਵਿਅਕਤੀ ਦੀ ਮੌਤ ਜਾਂ ਉਸ ਉੱਤੇ ਹੋਏ ਤਸ਼ੱਦਦ ਦਾ ਨਹੀਂ, ਸਗੋਂ ਕਾਨੂੰਨ, ਪੁਲਿਸ ਪ੍ਰਸ਼ਾਸਨ, ਸਿਹਤ ਪ੍ਰਣਾਲੀ ਅਤੇ ਸਰਕਾਰੀ ਸੰਸਥਾਵਾਂ ਉੱਤੇ ਲੋਕਾਂ ਦੇ ਭਰੋਸੇ ਨਾਲ ਵੀ ਜੁੜਿਆ ਹੋਇਆ ਹੈ। ਇਸ ਮੌਕੇ ਗਿਆਨ ਮਾਨ, ਸਤਵੰਤ ਸਿੰਘ ਪੂਨੀਆ, ਪਰਮਿੰਦਰ ਸਿੰਘ ਪਿੰਕੀ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਹਰਪ੍ਰੀਤ ਸਿੰਘ ਹੈਪੀ ਜ਼ਿਲ੍ਹਾ ਪ੍ਰਧਾਨ ਯੂਵਾ ਮੋਰਚਾ, ਨਵਦੀਪ ਸ਼ਰਮਾ,ਰੋਮੀ ਗੋਇਲ, ਸੁਰੇਸ਼ ਬੇਦੀ, ਗੁਰਜੀਤ ਸਿੰਘ ਘਨੌਰੀ, ਜਤਿੰਦਰ ਮਿੱਤਲ, ਲਲਿਤ ਗਰਗ, ਜਸਵੀਰ ਸਿੰਘ ਜੱਸੀ, ਨਿਰਭੈ ਸਿੰਘ ਛੰਨਾ, ਸਤਪਾਲ ਸਿੰਘ ਅਕੋਈ, ਲੋਕੇਸ਼ ਕੁਮਾਰ, ਵਿਜੈ ਸਾਹਨੀ, ਮਨੀਸ਼ ਕੁਮਾਰ ਅਤੇ ਨਰਿੰਦਰ ਗੁਪਤਾ ਸਮੇਤ ਹੋਰ ਭਾਜਪਾ ਆਗੂ ਵੀ ਮੌਜੂਦ ਸਨ।