ਪੰਜਾਬ ’ਚ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ-ਮੁੱਖ ਮੰਤਰੀ
ਸੰਗਰੂਰ, 19 ਅਗਸਤ (ਸੁਖਵਿੰਦਰ ਸਿੰਘ ਫੁੱਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਸ਼ਾਂਤੀ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਫੁੱਟ ਪਾਉਣ ਵਾਲੀਆਂ ਤਾਕਤਾਂ ’ਤੇ ਵਾਰ ਕਰਦਿਆਂ ਭਗਵੰਤ ਮਾਨ ਨੇ ਪੁਸ਼ਟੀ ਕੀਤੀ ਕਿ ਰਾਜ ਦੀ ਉਪਜਾਊ ਮਿੱਟੀ ਵਿਚ ਕੁੱਝ ਵੀ ਉੱਗ ਸਕਦਾ ਹੈ ਪਰ ਨਫ਼ਰਤ ਦੇ ਬੀਜ ਕਦੇ ਵੀ ਇਸ ਪਵਿੱਤਰ ਧਰਤੀ ’ਤੇ ਨਹੀਂ ਉੱਗ ਸਕਦੇ।
ਸੰਗਰੂਰ, 19 ਅਗਸਤ (ਸੁਖਵਿੰਦਰ ਸਿੰਘ ਫੁੱਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿਚ ਸ਼ਾਂਤੀ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਫੁੱਟ ਪਾਉਣ ਵਾਲੀਆਂ ਤਾਕਤਾਂ ’ਤੇ ਵਾਰ ਕਰਦਿਆਂ ਭਗਵੰਤ ਮਾਨ ਨੇ ਪੁਸ਼ਟੀ ਕੀਤੀ ਕਿ ਰਾਜ ਦੀ ਉਪਜਾਊ ਮਿੱਟੀ ਵਿਚ ਕੁੱਝ ਵੀ ਉੱਗ ਸਕਦਾ ਹੈ ਪਰ ਨਫ਼ਰਤ ਦੇ ਬੀਜ ਕਦੇ ਵੀ ਇਸ ਪਵਿੱਤਰ ਧਰਤੀ ’ਤੇ ਨਹੀਂ ਉੱਗ ਸਕਦੇ।ਉਨ੍ਹਾਂ ਸਥਾਨਕ ਧੂਰੀ ਰੋਡ ਸਥਿਤ ਇਕ ਪੈਲੇਸ ਵਿਚ ‘ਤੀਆਂ ਦੇ ਮੇਲੇ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਨੂੰ ਹੁਣ ‘ਵੇਚਾਰੀਆਂ’ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਸਗੋਂ ਉਹ ‘ਸ਼ੇਰਨੀਆਂ’ ਹਨ, ਜੋ ਹਰ ਖੇਤਰ ਵਿਚ ਉੱਤਮ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਰਾਜ ਦੀ ਤਰੱਕੀ ਦੇ ਪਿੱਛੇ ਇਕ ਮਜ਼ਬੂਤ ਤਾਕਤ ਵਜੋਂ ਉੱਭਰ ਰਹੀਆਂ ਹਨ। ਔਰਤਾਂ ਦੀ ਆਰਥਿਕ ਸ਼ਕਤੀਕਰਨ ਅਤੇ ਮਾਣ-ਮਰਿਆਦਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ 1,000-1,500 ਮਿਲ ਰਹੇ ਹਨ, ਜਦੋਂਕਿ 29,000 ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ 3 ਲੱਖ ਔਰਤਾਂ ਨੂੰ 631 ਕਰੋੜ ਦੇ ਵਿਆਜ-ਮੁਕਤ ਕਰਜ਼ੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਦੇ ਨਾਲ-ਨਾਲ ‘ਤੀਆਂ ਦਾ ਮੇਲਾ’ ਵਰਗੇ ਜਸ਼ਨ ਜੋ ਪੰਜਾਬ ਦੀਆਂ ਅਮੀਰ ਲੋਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਦੇ ਹਨ ਇਕ ਮਜ਼ਬੂਤ ਅਤੇ ‘ਰੰਗਲਾ ਪੰਜਾਬ’ ਬਣਾਉਣ ਵਿਚ ਮਦਦ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਰਾਜ ਦੇ 23 ਜ਼ਿਲ੍ਹਿਆਂ ਵਿਚੋਂ ਨੌਂ ਵਿੱਚ ਔਰਤਾਂ ਡਿਪਟੀ ਕਮਿਸ਼ਨਰ ਹਨ ਅਤੇ ਅੱਠ ਵਿਚ ਔਰਤਾਂ ਸੀਨੀਅਰ ਪੁਲਿਸ ਸੁਪਰਡੈਂਟ ਹਨ। ਇਹ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਮੌਕਾ ਮਿਲਣ ’ਤੇ ਕੁੜੀਆਂ ਜੀਵਨ ਵਿਚ ਕੋਈ ਵੀ ਟੀਚਾ ਹਾਸਲ ਕਰ ਸਕਦੀਆਂ ਹਨ।ਇਸ ਮੌਕੇ ਭਗਵੰਤ ਮਾਨ ਦੇ ਪਤਨੀ ਡਾ. ਗੁਰਪ੍ਰੀਤ ਕੌਰ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਡਾ. ਗੁਰਪ੍ਰੀਤ ਕੌਰ ਮਾਨ ਅਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।