ਸੰਗਰੂਰ, 19 (ਸੁਖਵਿੰਦਰ ਸਿੰਘ ਫੁੱਲ) - ਇਲਾਕੇ ਦੀ ਨਾਮਵਰ ਸੰਸਥਾ ‘ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ’, ਮਸਤੂਆਣਾ ਸਾਹਿਬ ਦੀ ਬੀ.ਪੀ.ਈ.ਐਸ. ਅੰਤਿਮ ਵਰ੍ਹੇ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਸ਼ੂਟਿੰਗ ਖੇਤਰ ਵਿੱਚ ਵੱਡੀ ਮੱਲ ਮਾਰਦਿਆਂ ਸੰਸਥਾ ਅਤੇ ਇਲਾਕੇ ਦਾ ਨਾਮ ਦੇਸ਼ ਪੱਧਰ ‘ਤੇ ਰੌਸ਼ਨ ਕੀਤਾ ਹੈ। ਸੁਖਦੀਪ ਕੌਰ ਨੇ ਆਪਣੀ ਸ਼ਾਨਦਾਰ ਖੇਡ ਬਦੌਲਤ ‘ਨੌਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ’ ਲਈ ਕੁਆਲੀਫਾਈ ਕਰ ਲਿਆ ਹੈ। ਅਕਾਲ ਕਾਲਜ ਕੌਂਸਲ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਅਤੇ ਸਮੂਹ ਕੌਂਸਲ ਮੈਂਬਰ ਸਾਹਿਬਾਨਾਂ ਦੀ ਖੇਡਾਂ ਪ੍ਰਤੀ ਦੂਰਅੰਦੇਸ਼ੀ ਸੋਚ ਅਤੇ ਯੋਗ ਰਹਿਨੁਮਾਈ ਸਦਕਾ, ਅਕਾਲ ਸ਼ੂਟਿੰਗ ਰੇਂਜ ਵਿੱਚ ਨਿਯਮਿਤ ਅਭਿਆਸ ਕਰਨ ਵਾਲੀ ਇਸ ਖਿਡਾਰਨ ਨੇ ਬੀਤੀ 8 ਤੋਂ 14 ਜੁਲਾਈ ਤੱਕ ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਹੋਈ ‘61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ 400 ਵਿੱਚੋਂ 352 ਅੰਕ ਹਾਸਲ ਕਰਕੇ ਨੌਰਥ ਜ਼ੋਨ ਚੈਂਪੀਅਨਸ਼ਿਪ ਵਿੱਚ ਆਪਣੀ ਥਾਂ ਪੱਕੀ ਕੀਤੀ। ਇਸ ਬੇਮਿਸਾਲ ਕਾਮਯਾਬੀ ‘ਤੇ ਖ਼ੁਸ਼ੀ ਸਾਂਝੀ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਠਾਕੁਰ ਅਤੇ ਸਮੂਹ ਸਟਾਫ਼ ਨੇ ਸੁਖਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸੁਖਦੀਪ ਦੀ ਇਹ ਉਪਲਬਧੀ ਕਾਲਜ ਦੇ ਬਾਕੀ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਲਈ ਇੱਕ ਵੱਡੀ ਪ੍ਰੇਰਣਾ ਬਣੇਗੀ। ਉਨ੍ਹਾਂ ਉਮੀਦ ਜਤਾਈ ਕਿ ਉਹ ਅਗਲੇ ਮੁਕਾਬਲਿਆਂ ਵਿੱਚ ਵੀ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਚਮਕਾਏਗੀ। ਖਿਡਾਰਨ ਦੀ ਇਸ ਪ੍ਰਾਪਤੀ ‘ਤੇ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ, ਗਮਦੂਰ ਸਿੰਘ ਬਹਾਦਰਪੁਰ, ਸਿਆਸਤ ਸਿੰਘ ਦੁੱਗਾਂ, ਹਾਕਮ ਸਿੰਘ ਬਹਾਦਰਪੁਰ, ਮਨਜੀਤ ਸਿੰਘ ਬਾਲੀਆਂ, ਸਪੋਰਟਸ ਡਾਇਰੈਕਟਰ ਜਿਤੇਂਦਰ ਦੇਵ ਤੇ ਸਪੋਰਟਸ ਇੰਚਾਰਜ ਪ੍ਰੋ. ਸੋਹਣਦੀਪ ਸਿੰਘ ਜੁਗਨੂੰ ਨੇ ਵੀ ਹਾਰਦਿਕ ਵਧਾਈ ਦਿੱਤੀ। ਪ੍ਰਬੰਧਕਾਂ ਨੇ ਦੁਹਰਾਇਆ ਕਿ ਸੰਸਥਾ ਆਪਣੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਅਤੇ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਵਚਨਬੱਧ ਹੈ ਅਤੇ ਸੁਖਦੀਪ ਦੀ ਸਫ਼ਲਤਾ ‘ਤੇ ਪੂਰੇ ਅਕਾਲ ਕਾਲਜ ਪਰਿਵਾਰ ਨੂੰ ਮਾਣ ਹੈ।