27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਮਲਾ ਮੁੱਖ ਮੰਤਰੀ ਦੇ ਸ਼ਹਿਰ ਧੂਰੀ ’ਚ 2 ਨੌਜਵਾਨਾਂ ਦੇ ਦਿਨ ਦਿਹਾੜੇ ਹੋਏ ਕਤਲ ਦਾ ਕਤਲ ਕਰ ਕੇ ਫ਼ਰਾਰ ਹੋਏ 6 ਨੌਜਵਾਨਾਂ ਨੂੰ ਸੰਗਰੂਰ ਪੁਲਿਸ ਨੇ 24 ਘੰਟਿਆਂ ’ਚ ਕੀਤਾ ਗ੍ਰਿਫ਼ਤਾਰ

ਅਜੀਤ ਡੈਸਕ 09-07-2026
ਸੰਗਰੂਰ, 8 ਜੁਲਾਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਬੀਤੀ ਕੱਲ੍ਹ ਧੂਰੀ ਵਿਖੇ ਦੋ ਨੌਜਵਾਨਾਂ ਦੇ ਹੋਏ ਕਤਲ ਮਾਮਲੇ ’ਚ ਸੰਗਰੂਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁਕੱਦਮੇ ਵਿੱਚ ਨਾਮਜ਼ਦ ਸਾਰੇ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਕੱਲ੍ਹ ਧੂਰੀ ਦੇ ਕੱਕੜਵਾਲ ਰੋਡ ਸਥਿਤ ਇੱਕ ਨਾਈ ਦੀ ਦੁਕਾਨ ਉੱਤੇ ਕੁੱਝ ਨੌਜਵਾਨਾਂ ਵੱਲੋਂ ਦੇਵ ਕੁਮਾਰ ਦੇਬੂ ਅਤੇ ਅਨਿਲ ਬੱਬਾ ਉੋੱਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਕੇ ਦੋਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਉੱਤੇ ਪੁਲਿਸ ਵਲੋਂ ਕਤਲ ਸਮੇਤ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਥਾਣਾ ਸਿਟੀ ਧੂਰੀ ਵਿਖੇ ਲੱਭੂ, ਸਾਵਨ ਅਤੇ ਪ੍ਰਿੰਸ ਵਾਸੀਅਨ ਦਸਮੇਸ਼ ਨਗਰ ਧੂਰੀ, ਕਰਨ ਰਟੌਲ ਵਾਸੀ ਕਹੇਰੂ ਰੋਡ ਧੂਰੀ, ਰਮਨ ਵਾਸੀ ਪੋਲੋ ਬਸਤੀ ਧੂਰੀ ਅਤੇ ਪਵਨ ਵਾਸੀ ਗੁਰੂ ਨਾਨਕ ਨਗਰ ਧੂਰੀ ਸਮੇਤ ਕੁੱਝ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਕੇ ਤਫ਼ਤੀਸ਼ ਆਰੰਭੀ ਗਈ। ਉਨ੍ਹਾਂ ਦੱਸਿਆ ਕਿ ਦੁਹਰੇ ਕਤਲ ਦੇ ਇਸ ਸੰਗੀਨ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਐਸ.ਪੀ. (ਡੀ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਧੂਰੀ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਤਫ਼ਤੀਸ਼ ਨੂੰ ਤਕਨੀਕੀ ਢੰਗ ਨਾਲ ਅੱਗੇ ਤੌਰਦਿਆਂ ਸਾਰੇ 6 ਨੌਜਵਾਨਾਂ ਲੱਭੂ, ਸਾਵਨ, ਪ੍ਰਿੰਸ, ਕਰਨ ਰਟੌਲ, ਰਮਨ ਅਤੇ ਪਵਨ ਨੂੰ ਧੂਰੀ ਦੀ ਅਨਾਜ ਮੰਡੀ ਨੇੜਿਓ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋ ਵਾਰਦਾਤ ਸਮੇਂ ਵਰਤੇ ਗਏ ਦੋ ਮੋਟਰਸਾਈਕਲ ਵੀ ਬਰਾਮਦ ਕਰਵਾਏ ਗਏ। ਡਾ. ਗਰੇਵਾਲ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਦਾ ਲੰਘੀ 14 ਜੂਨ ਨੇ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਜਿਸ ਸੰਬੰਧੀ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਵੀ ਦਰਜ਼ ਕੀਤਾ ਗਿਆ ਸੀ ਅਤੇ ਇਸੇ ਪੁਰਾਣੀ ਲੜਾਈ ਝਗੜੇ ਦੀ ਰੰਜਸ਼ ਦੇ ਚੱਲਦਿਆਂ ਉਕਤ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਐਸ.ਐਸ.ਪੀ. ਨੇ ਸੰਗਰੂਰ ਪੁਲਿਸ ਦੀਆਂ ਟੀਮਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਸੰਗੀਨ ਵਾਰਦਾਤ ਦੇ ਸਾਰੇ ਦੋਸ਼ੀਆਂ ਗ੍ਰਿਫ਼ਤਾਰ ਕਰਨਾ ਸ਼ਲਾਘਾਯੋਗ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੱਭੂ ਨਾਂਅ ਦੇ ਨੌਜਵਾਨ ਉੱਤੇ ਪਹਿਲਾਂ ਲੜਾਈ ਝਗੜਿਆਂ ਦੇ 6 ਮੁਕੱਦਮੇ ਅਤੇ ਪ੍ਰਿੰਸ ਉੱਤੇ 2 ਮੁਕੱਦਮੇ ਦਰਜ਼ ਹਨ। ਇਸ ਮੌਕੇ ਐਸ.ਪੀ. (ਡੀ) ਦਵਿੰਦਰ ਅੱਤਰੀ, ਡੀ.ਐਸ.ਪੀ ਧੂਰੀ ਗੁਰਪ੍ਰੀਤ ਸਿੰਘ, ਡੀ.ਐਸ.ਪੀ (ਡੀ) ਸੁਖਦੇਵ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਇੰਸ: ਸੰਦੀਪ ਸਿੰਘ ਅਤੇ ਥਾਣਾ ਸਿਟੀ ਧੂਰੀ ਮੁਖੀ ਇੰਸ: ਜਸਵੀਰ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲ ਦੂਜੇ ਦਿਨ ਵੀ ਹੜਤਾਲ ’ਤੇ ਰਹੇ ਅਗਲੀ ਖ਼ਬਰ ‘ਫੀਫਾ ਵਿਸ਼ਵ ਕੱਪ’ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।