18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੱਤਾਧਾਰੀਆਂ ਨੇ ਨਗਰ ਕੌਂਸਲ ਚੋਣਾਂ 'ਚ ਜਨਤਾ ਦੇ ਫ਼ਤਵੇ ਦੀ ਲੁੱਟ ਕੀਤੀ - ਗੋਲਡੀ ਖੰਗੂੜਾ

ਅਜੀਤ ਡੈਸਕ 31-05-2026
ਧੂਰੀ, 30 ਮਈ (ਲਖਵੀਰ ਸਿੰਘ ਧਾਂਦਰਾ) - ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸੱਤਾਧਾਰੀ ਧਿਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਕਾਰੀ ਤੰਤਰ ਅਤੇ ਸੱਤਾਧਾਰੀਆਂ ਦੇ ਅੰਨ੍ਹੇ ਧੱਕੇ ਦੇ ਸਾਹਮਣੇ ਚਟਾਨ ਵਾਂਗ ਅਡੋਲ ਖੜ੍ਹੇ ਰਹੇ | ਉਨ੍ਹਾਂ ਮੁੱਖ ਮੰਤਰੀ 'ਤੇ ਤਨਜ਼ ਕਸਦਿਆਂ ਕਿਹਾ ਕਿ ਧੂਰੀ ਦੀਆਂ ਚੋਣਾਂ ਵਿੱਚ 'ਸਾਮ, ਦਾਮ, ਦੰਡ, ਭੇਦ' ਦੀ ਨੀਤੀ ਨੂੰ ਇੰਨ-ਬਿੰਨ ਲਾਗੂ ਕੀਤਾ ਗਿਆ ਹੈ ਅਤੇ ਵਿਰੋਧੀਆਂ ਨੂੰ ਦਬਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ | ਗੋਲਡੀ ਖੰਗੂੜਾ ਨੇ ਪ੍ਰਸ਼ਾਸਨਿਕ ਕਾਰਵਾਈ 'ਤੇ ਗੰਭੀਰ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਚੋਣ ਪ੍ਰਕਿਰਿਆ ਦੌਰਾਨ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਬਿਨਾਂ ਕਿਸੇ ਠੋਸ ਵਜ੍ਹਾ ਦੇ ਰੱਦ ਕੀਤੀਆਂ ਗਈਆਂ | ਇਸ ਤੋਂ ਇਲਾਵਾ, ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਜਬਰਨ ਵਾਪਸ ਕਰਵਾਏ ਗਏ | ਉਨ੍ਹਾਂ ਹਾਲਾਤ ਬਿਆਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਪੁੱਤਰ ਸਮੇਤ ਕਾਂਗਰਸ ਦੇ ਸਥਾਨਕ ਵਰਕਰਾਂ ਨੂੰ ਧੱਕੇ ਨਾਲ ਥਾਣੇ ਡੱਕਿਆ ਗਿਆ, ਜਦੋਂ ਕਿ ਹਲਕੇ ਤੋਂ ਬਾਹਰੀ ਅਨਸਰਾਂ ਨੂੰ ਸ਼ਹਿਰ ਵਿੱਚ ਸ਼ਰੇਆਮ ਗੁੰਡਾਗਰਦੀ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ | ਉਨ੍ਹਾਂ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਦੇ ਇਸ਼ਾਰਿਆਂ 'ਤੇ ਪਹਿਰਾ ਦਿੰਦਿਆਂ ਜੁਝਾਰੂ ਲੋਕਾਂ ਨੂੰ ਹਰਾਉਣ ਵਿੱਚ ਵੱਡਾ ਰੋਲ ਅਦਾ ਕੀਤਾ | ਕਈ ਵਾਰਡਾਂ ਵਿੱਚ ਤਾਂ ਦੁਪਹਿਰ ਵੇਲੇ ਹੀ ਵੋਟਿੰਗ ਦੀ ਪ੍ਰਕਿਰਿਆ ਜ਼ਬਰਦਸਤੀ ਬੰਦ ਕਰਵਾ ਦਿੱਤੀ ਗਈ | ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਜਿੱਤ ਦਾ ਨਤੀਜਾ ਪਹਿਲਾਂ ਹੀ ਤੈਅ ਸੀ ਅਤੇ ਉਮੀਦਵਾਰਾਂ ਤੋਂ ਪਹਿਲਾਂ ਹੀ ਦਸਤਖ਼ਤ ਕਰਵਾ ਲਏ ਗਏ ਸਨ | ਧੂਰੀ ਦੇ ਇਤਿਹਾਸ ਵਿੱਚ ਅਜਿਹੀ ਬਦਨਾਮ ਚੋਣ ਕਦੇ ਨਹੀਂ ਦੇਖੀ ਗਈ | ਸਾਬਕਾ ਵਿਧਾਇਕ ਨੇ ਚੇਤਾਵਨੀ ਦਿੱਤੀ ਕਿ ਸੱਤਾਧਾਰੀਆਂ ਵੱਲੋਂ ਪਾਈ ਗਈ ਇਹ ਮਾੜੀ ਪਿਰਤ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਅਜਿਹਾ ਕਰਨ ਲਈ ਮਜਬੂਰ ਕਰੇਗੀ | ਉਨ੍ਹਾਂ ਕਿਹਾ ਕਿ ਇਹ ਚੋਣ ਲੋਕਤੰਤਰੀ ਤਰੀਕੇ ਨਾਲ ਜਿੱਤੀ ਨਹੀਂ ਗਈ, ਸਗੋਂ ਜਨਤਾ ਦੇ ਫ਼ਤਵੇ ਨੂੰ ਲੁੱਟਿਆ ਗਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਦੇ ਸੂਝਵਾਨ ਲੋਕ ਇਸ ਧੱਕੇਸ਼ਾਹੀ ਦਾ ਜਵਾਬ ਵੋਟ ਦੀ ਚੋਟ ਨਾਲ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਆਗੂ ਗੁਰਬਖਸ਼ ਸਿੰਘ ਗੁੱਡੂ, ਹੰਸ ਰਾਜ ਗੁਪਤਾ, ਸਤਵਿੰਦਰ ਸਿੰਘ ਸਿੰਦੀ ਅਤੇ ਸਾਬਕਾ ਫ਼ੌਜੀ ਮਹਾਂਵੀਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਮੋਗਾ ਦੇ ਐਸ.ਐਸ.ਪੀ. ਸਰਤਾਜ ਸਿੰਘ ਚਹਿਲ ਗੁ. ਮਸਤੂਆਣਾ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।