24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਣਕ ਨਾਲ ਨੱਕੋ ਨੱਕ ਭਰੀ ਲਹਿਰਾਗਾਗਾ ਦੀ ਅਨਾਜ ਮੰਡੀ, ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ 'ਤੇ ਪ੍ਰਗਟਾਇਆ ਰੋਸ

ਅਜੀਤ ਡੈਸਕ 14-04-2026
ਲਹਿਰਾਗਾਗਾ, 13 ਅਪ੍ਰੈਲ (ਅਸ਼ੋਕ ਗਰਗ)-ਮਾਰਕੀਟ ਕਮੇਟੀ ਲਹਿਰਾਗਾਗਾ ਅਧੀਨ ਆਉਂਦੇ ਅਨਾਜ ਮੰਡੀ ਸਮੇਤ ਖ਼ਰੀਦ ਸੈਂਟਰਾਂ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀਆਂ ਵੀ ਨੱਕੋ ਨੱਕ ਭਰ ਗਈਆਂ ਹਨ ਪਰ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਹੜਤਾਲ 'ਤੇ ਹੋਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ | ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਅਤੇ ਕਿਸਾਨਾਂ ਨੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕਣਕ ਦੀ ਫ਼ਸਲ ਮਾਪਦੰਡਾਂ ਵਿੱਚ ਨਹੀਂ ਆਉਂਦੀ ਤਾਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਹਫ਼ਤਾ ਪਹਿਲਾਂ ਹੀ ਆਪਣੀਆਂ ਟੀਮਾਂ ਭੇਜਣੀਆਂ ਚਾਹੀਦੀਆਂ ਸਨ | ਕਿਉਂਕਿ ਮੰਡੀਆਂ ਵਿੱਚ ਕਣਕ ਆਉਂਦੀ ਨੂੰ ਦਸ ਦਿਨ ਦੇ ਲਗਭਗ ਸਮਾਂ ਹੋ ਗਿਆ ਹੈ ਅਤੇ ਇਨ੍ਹਾਂ ਨੂੰ ਹੁਣ ਟੀਮਾਂ ਭੇਜਣ ਦੀ ਯਾਦ ਆਈ ਹੈ | ਪ੍ਰਧਾਨ ਸਿੰਗਲਾ ਨੇ ਕਿਹਾ ਕਿ ਟੀਮਾਂ ਜੇਕਰ ਅੱਜ ਆਈਆਂ ਤਾਂ ਫੈਸਲਾ ਲੈਂਦਿਆਂ ਤਿੰਨ ਚਾਰ ਦਿਨ ਲੰਘ ਜਾਣਗੇ | ਉਦੋਂ ਤੱਕ ਮੰਡੀਆਂ ਵਿੱਚ ਕਣਕ ਉਤਾਰਣ ਨੂੰ ਥਾਂ ਹੀ ਨਹੀਂ ਬਚੇਗੀ | ਕਿਸਾਨਾਂ ਨੂੰ ਕਣਕ ਘਰਾਂ ਵਿੱਚ ਉਤਾਰਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉੱਥੋਂ ਦੁਬਾਰਾ ਟਰਾਲੀਆਂ ਭਰਨ ਵਿੱਚ ਬੜੀ ਦਿੱਕਤ ਪੇਸ਼ ਆਉਂਦੀ ਹੈ | ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਣਕ ਦੀ ਫ਼ਸਲ ਦੇ ਮਾਪਦੰਡਾਂ ਸਬੰਧੀ ਛੋਟ ਦੇ ਕੇ ਜਲਦੀ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਚਾਲੂ ਕਰੇ ਅਤੇ ਤਾਂ ਜੋ ਮੰਡੀਆਂ ਵਿਚੋਂ ਕਣਕ ਦੀ ਲਿਫ਼ਟਿੰਗ ਅਤੇ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਹੋ ਸਕੇ | ਕਿਉਂਕਿ ਜੇਕਰ ਫ਼ਸਲ ਵਿਕੇਗੀ ਤਾਂਹੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਉਣਗੇ | ਜਿਸ ਉਪਰੰਤ ਹੀ ਕਿਸਾਨ ਲਿਮਿਟਾਂ ਅਤੇ ਝੋਨੇ ਦੀ ਪਨੀਰੀ, ਬੀਜ ਬਿਜਾਈ ਸਬੰਧੀ ਰੇਹ, ਤੇਲ ਆਦਿ ਲੈ ਸਕਣਗੇ | ਉਨ੍ਹਾਂ ਚੇਤਾਵਨੀ ਦੀ ਸੁਰ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਫ਼ੌਰੀ ਕਣਕ ਦੀ ਖ਼ਰੀਦ ਚਾਲੂ ਨਾ ਕੀਤੀ ਤਾਂ ਸਰਕਾਰਾਂ ਖ਼ਿਲਾਫ਼ ਸੰਘਰਸ਼ ਵਿੱਢਿਆਂ ਜਾਵੇਗਾ | ਦੂਸਰੇ ਪਾਸੇ ਮਾਰਕੀਟ ਕਮੇਟੀ ਲਹਿਰਾਗਾਗਾ ਦੇ ਚੇਅਰਮੈਨ ਡਾਕਟਰ ਸ਼ੀਸ਼ਪਾਲ ਆਨੰਦ 'ਅਜੀਤ' ਨੂੰ ਦੱਸਿਆ ਹੈ ਕਿ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਹੜਤਾਲ 'ਤੇ ਹੋਣ ਕਾਰਨ ਇਹ ਦਿੱਕਤ ਆਈ ਹੈ ਜਦੋਂ ਵੀ ਹੜਤਾਲ ਖੁੱਲ ਜਾਂਦੀ ਹੈ ਤਾਂ ਤੁਰੰਤ ਕਣਕ ਦੀ ਸਰਕਾਰੀ ਸ਼ੁਰੂ ਕਰਵਾ ਦਿੱਤੀ ਜਾਵੇਗੀ |
ਪਿਛਲੀ ਖ਼ਬਰ ਭਾਜਪਾ ਦੇ ਸਥਾਪਨਾ ਦਿਵਸ ਦੌਰਾਨ ਵੱਡੀ ਗਿਣਤੀ ਵਿੱਚ ਟਕਸਾਲੀ ਆਗੂਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸਰਪੰਚ ਐਸੋਸੀਏਸ਼ਨ ਦੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।