ਸੰਗਰੂਰ, 30 ਮਾਰਚ (ਦਮਨਜੀਤ ਸਿੰਘ)-ਨਗਰ ਕੌਂਸਲ ਸੰਗਰੂਰ ਦੇ ਹਾਊਸ ਦੀ ਅੱਜ ਹੋਈ ਮੀਟਿੰਗ ਹਲਕੇ ਹੰਗਾਮੇ ਦੇ ਨਾਲ ਪੂਰ ਚੜ੍ਹ ਗਈ ਅਤੇ ਮੀਟਿੰਗ ਵਿਚ ਰੱਖੇ 28 ਏਜੰਡਿਆਂ ਵਿਚੋਂ 22 ਏਜੰਡੇ ਪਾਸ ਹੋ ਗਏ ਅਤੇ 4 ਨੂੰ ਕੌਂਸਲਰਾਂ ਵਲੋਂ ਰੱਦ ਕਰ ਦਿੱਤਾ ਗਿਆ ਜਦਕਿ 2 ਏਜੰਡੇ ਲੰਬਿਤ ਰੱਖ ਲਏ ਗਏ | 2 ਘੰਟਿਆਂ ਤੋਂ ਵਧੇਰਾ ਸਮਾਂ ਚੱਲੀ ਇਸ ਮੀਟਿੰਗ ਵਿਚ ਸ਼ਹਿਰ ਦੇ 29 ਕੌਂਸਲਰਾਂ ਵਿਚੋਂ 2 ਮਰਦ ਅਤੇ 1 ਮਹਿਲਾ ਕੌਂਸਲਰ ਗੈਰ ਹਾਜ਼ਰ ਰਹੇ | ਹਾਊਸ ਦੀ ਮੀਟਿੰਗ ਸ਼ੁਰੂ ਹੁੰਦਿਆਂ ਸਾਰ ਹੀ ਸ਼ਹਿਰ ਦੇ ਵਾਰਡ ਨੰ. 22 ਤੋਂ ਕੌਂਸਲਰ ਅਵਤਾਰ ਸਿੰਘ ਤਾਰਾ ਮੀਟਿੰਗ ਦਾ ਇਹ ਕਹਿ ਕੇ ਬਾਈਕਾਟ ਕਰਦਿਆਂ ਬਾਹਰ ਆ ਗਏ ਕਿ ਇਸ ਮੀਟਿੰਗ ਵਿਚ ਕੋਈ ਏਜੰਡਾ ਪਾਸ ਹੋਏ ਜਾਂ ਫ਼ੇਲ੍ਹ ਹੋਵੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸ਼ਹਿਰ ਵਿਚ ਨਗਰ ਕੌਂਸਲ ਵਲੋਂ ਕੋਈ ਵੀ ਕੰਮ ਨਾ ਹੁਣ ਤੱਕ ਏਜੰਡਿਆਂ ਮੁਤਾਬਿਕ ਕਰਵਾਇਆ ਗਿਆ ਹੈ ਅਤੇ ਨਾ ਹੀ ਅੱਗੋਂ ਕਰਵਾਏ ਜਾਣ ਦੀ ਕੋਈ ਆਸ ਹੈ | ਕੌਂਸਲਰ ਤਾਰਾ ਨੇ ਦੋਸ਼ ਲਗਾਏ ਕਿ ਨਗਰ ਕੌਂਸਲ ਵਲੋਂ ਉਨ੍ਹਾਂ ਦੇ ਵਾਰਡ ਦਾ ਕੋਈ ਵੀ ਕੰਮ ਨਹੀਂ ਕਰਵਾਇਆ ਜਾਂਦਾ | ਇਸ ਲਈ ਉਨ੍ਹਾਂ ਦਾ ਮੀਟਿੰਗ ਵਿਚ ਬੈਠਣ ਦਾ ਕੋਈ ਮਤਲਬ ਨਹੀਂ ਬਣਦਾ | ਤਾਰਾ ਵਲੋਂ ਮੀਟਿੰਗ ਦਾ ਬਾਈਕਾਟ ਕਰ ਕੇ ਮੀਟਿੰਗ ਹਾਲ ਅੱਗੇ ਫ਼ਰਸ਼ ਉੱਤੇ ਬੈਠਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਪਰ ਮੀਟਿੰਗ ਹਾਲ ਵਿਚ ਮੀਟਿੰਗ ਦਾ ਸਿਲਸਿਲਾ ਜਾਰੀ ਰਿਹਾ | ਮੀਟਿੰਗ ਵਿਚ ਮੌਜੂਦਾ ਕੌਂਸਲਰਾਂ ਮੁਤਾਬਿਕ ਕੁਝ ਏਜੰਡਿਆਂ ਉੱਤੇ ਮੀਟਿੰਗ ਦੌਰਾਨ ਹੰਗਾਮਾ ਜ਼ਰੂਰ ਹੋਇਆ ਪਰ ਪਹਿਲੀਆਂ ਮੀਟਿੰਗਾਂ ਦੇ ਮੁਕਾਬਲੇ ਇਸ ਵਾਰ ਹਾਊਸ ਅੰਦਰ ਸੁਖਾਵਾਂ ਮਾਹੌਲ ਬਣਿਆ ਰਿਹਾ | ਹਾਊਸ ਮੀਟਿੰਗ ਸ਼ੁਰੂ ਹੁੰਦਿਆਂ ਸਾਰ ਹੀ ਸਭ ਤੋਂ ਪਹਿਲਾਂ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਸੌਂਪਣ ਸਬੰਧੀ 26 ਨਵੰਬਰ 2025 ਦੀ ਹਾਊਸ ਮੀਟਿੰਗ ਵਿਚ ਰੱਦ ਕੀਤੇ ਗਏ ਮਤੇ ਨੂੰ ਮੁੜ ਵਿਚਾਰਨ ਦੇ ਏਜੰਡੇ ਉੱਤੇ ਚਰਚਾ ਹੋਈ ਜਿਸ ਨੂੰ ਕੌਂਸਲਰਾਂ ਵਲੋਂ ਰੱਦ ਕਰਦਿਆਂ ਇਹ ਕਿਹਾ ਗਿਆ ਕਿ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਨਗਰ ਕੌਂਸਲ ਆਪਣੇ ਹੱਥਾਂ ਵਿਚ ਹੀ ਰੱਖੇਗੀ | ਇਸ ਉਪਰੰਤ ਹਾਊਸ ਅੰਦਰ ਬਹੁਚਰਚਿਤ ਸੁਨਾਮੀ ਗੇਟ ਸਥਿਤ ਬੰਦ ਪੈਟਰੋਲ ਪੰਪ ਦੇ ਸੁਪਰੀਮ ਕੋਰਟ ਵਿਖੇ ਚੱਲ ਰਹੇ ਕੇਸ ਦੀ ਰਵੀਊ ਪਟੀਸ਼ਨ ਦਾਇਰ ਕਰਨ ਸਬੰਧੀ ਕੌਂਸਲਰਾਂ ਵਲੋਂ ਸਹਿਮਤੀ ਦਿੰਦਿਆਂ ਪਾਸ ਕਰ ਦਿੱਤਾ ਗਿਆ | ਨਗਰ ਕੌਂਸਲ ਹਾਊਸ ਦੀ ਪਿਛਲੀ ਮੀਟਿੰਗ ਦੌਰਾਨ ਮਾਲ ਗੋਦਾਮ ਚੌਕ ਤੋਂ ਬਰਨਾਲਾ ਕੈਂਚੀਆਂ ਤੱਕ ਪਈ ਸੀਵਰੇਜ ਲਾਈਨ ਨੂੰ ਨਾਲ ਲਗਦੀ ਬਸਤੀ ਸੁੰਦਰ ਇੰਨਕਲੇਵ ਪੁਰਾਣੇ ਬਰਾਂਚ ਸੀਵਰੇਜ ਨਾਲ ਜੋੜਨ ਸਬੰਧੀ 8 ਲੱਖ 19 ਹਜਾਰ ਰੁਪਏ ਦੀ ਰਕਮ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਭਾਗ ਨੂੰ ਜਮ੍ਹਾ ਕਰਵਾਉਣ ਸਬੰਧੀ ਲੰਬਿਤ ਰੱਖੇ ਗਏ ਮਤੇ ਨੂੰ ਅੱਜ ਫਿਰ ਕੌਂਸਲਰਾਂ ਵਲੋਂ ਮੁੜ ਲੰਬਿਤ ਰੱਖ ਦਿੱਤਾ ਗਿਆ | ਸ਼ਹਿਰ ਸੰਗਰੂਰ ਦੇ ਅੰਦਰੂਨੀ ਨਾਲਿਆਂ ਅਤੇ ਡਰੇਨਜ਼ ਦੀ ਸਫ਼ਾਈ ਲਈ ਕਰੀਬ ਡੇਢ ਕਰੋੜ ਰੁਪਏ ਦੇ ਕੰਮਾਂ ਨੂੰ ਹਾਊਸ ਅੰਦਰ ਵੋਟਿੰਗ ਪ੍ਰੀਕਿਆ ਰਾਹੀਂ ਬਹੁਸੰਮਤੀ ਨਾਲ ਪਾਸ ਕੀਤਾ ਗਿਆ | ਜਿਸ ਨਾਲ ਹੁਣ ਸ਼ਹਿਰ ਦੇ ਮੇਨ ਅਤੇ ਬਰਾਂਚਾਂ ਵਿਚਲੀਆਂ ਸੀਵਰੇਜ ਲਾਈਨਾਂ ਦੀ ਸਫ਼ਾਈ ਦੇ ਨਾਲ ਨਾਲ ਸੁਨਾਮ ਰੋਡ ਉੱਤੇ ਬਣੇ ਬਰਸਾਤੀ ਨਾਲੇ ਦੀ ਵੀ ਮੁਕੰਮਲ ਸਫ਼ਾਈ ਕਰਵਾਈ ਜਾਵੇਗੀ | ਨਗਰ ਕੌਂਸਲ ਹਾਊਸ ਵਲੋਂ ਸ਼ਹਿਰ ਅੰਦਰ ਵਧ ਰਹੀ ਟਰੈਫ਼ਿਕ ਸਮੱਸਿਆ ਨੂੰ ਦੇਖਦਿਆਂ ਟਰੈਫ਼ਿਕ ਪੁਲਿਸ ਸੰਗਰੂਰ ਦੀ ਰਿਪੋਰਟ ਮੁਤਾਬਿਕ ਨਾਨਕਿਆਣਾ ਚੌਕ, ਯਾਦਵਿੰਦਰ ਟੀ ਪੁਆਇੰਟ, ਪੂਨੀਆ ਟਾਵਰ ਟੀ ਪੁਆਇੰਟ, ਬਰਨਾਲਾ ਚੌਕ, ਚੁਰਸਤਾ ਮਾਲ ਗੋਦਾਮ ਚੌਕ, ਰੇਲਵੇ ਚੌਕ, ਭਗਤ ਸਿੰਘ ਚੌਕ, ਫੁਹਾਰਾ ਚੌਕ, ਬੱਸ ਸਟੈਂਡ ਚੌਕ ਅਤੇ ਟੀ ਪੁਆਇੰਟ ਚੰਡੀਗੜ੍ਹ ਹਾਰਟ ਹਸਪਤਾਲ ਆਦਿ ਉੱਤੇ ਟਰੈਫ਼ਿਕ ਲਾਈਟਾਂ ਲਗਾਉਣ ਲਈ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਪੱਤਰ ਲਿਖੇ ਜਾਣ ਦਾ ਮਤਾ ਵੀ ਪਾਸ ਕੀਤਾ ਗਿਆ | ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਨਗਰ ਕੌਂਸਲ ਨੂੰ ਇੱਕ ਅਰਧ ਸਰਕਾਰੀ ਪੱਤਰ ਰਾਹੀਂ ਸ਼ਹਿਰ ਦੇ ਲੋਕਾਂ ਅਤੇ ਵੱਖ ਵੱਖ ਸਮਾਜਿਕ ਸੰਸਥਾਵਾਂ ਵਲੋਂ ਰੇਲਵੇ ਚੌਕ ਦਾ ਨਾਮ ਬਦਲ ਕੇ ਵਿਸ਼ਵਕਰਮਾ ਚੌਕ ਰੱਖਣ ਸਬੰਧੀ ਲਿਖਿਆ ਗਿਆ ਸੀ ਪਰ ਵਿਧਾਇਕ ਦੇ ਪੱਤਰ ਨੂੰ ਨਜ਼ਰਅੰਦਾਜ਼ ਕਰਦਿਆਂ ਕੌਂਸਲਰਾਂ ਵਲੋਂ ਇਸ ਮਤੇ ਨੂੰ ਰੱਦ ਕਰ ਦਿੱਤਾ ਗਿਆ | ਕੌਂਸਲਰ ਮਨੀ ਕਥੂਰੀਆ ਅਤੇ ਕੌਂਸਲਰ ਸੀਮਾ ਚਾਵਲਾ ਵਲੋਂ ਪਟਿਆਲਾ ਗੇਟ ਸਥਿਤ ਪਾਰਕ ਵਿਚ ਛੋਟੇ ਬੱਚਿਆਂ ਲਈ ਝੂਲੇ ਲਗਾਉਣ ਸਬੰਧੀ ਨਗਰ ਕੌਂਸਲ ਨੂੰ ਪ੍ਰਾਪਤ ਹੋਈ ਦਰਖਾਸਤ ਨੂੰ ਵੀ ਪ੍ਰਵਾਨ ਕਰ ਲਿਆ ਗਿਆ |