ਅਮਰਗੜ੍ਹ, 26 ਮਾਰਚ (ਪਵਿੱਤਰ ਸਿੰਘ) - ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਪ੍ਰੋ ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬਰੇਰੀ ਝੂੰਦਾਂ 'ਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ ਪਰਮਵੀਰ ਸਿੰਘ ਦਾ ਰੂ ਬ ਰੂ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਕੈਨੇਡਾ ਦੇ ਜੀਵਨ ਅਨੁਭਵ ਸਾਂਝੇ ਕਰਦਿਆਂ ਕਵਿਤਾ ਸੁਨਾਉਣ ਵਕਤ ਜਦੋਂ ਪਰਮਵੀਰ 'ਉੱਠੀਆਂ ਚੰਨਾ ਵੇ ਮੁਲਤਾਨੋਂ ਹਨੇਰੀਆਂ' ਤਰੰਨਮ ਵਿੱਚ ਗਾਉਣ ਲੱਗਾ | ਉਸ ਅੰਦਰ ਬੈਠਾ ਸਿਰਜਕ ਆਖਣ ਲੱਗਾ ਮੈਂ ਪੰਦਰਾਂ ਸਾਲ ਬਾਅਦ ਇਸ ਤਰ੍ਹਾਂ ਗਾ ਕੇ ਵੇਖ ਰਿਹਾ ਹਾਂ | ਉਸਦੀ ਹਰ ਗੱਲ ਤੇ ਕਵਿਤਾ ਵਿੱਚ ਸ਼ਬਦਾਂ ਦਾ ਸੰਗੀਤ ਗੂੰਜਦਾ ਸੀ | ਉਹ ਕੱਲ੍ਹ ਬਾਰਾਂ-ਤੇਰਾਂ ਸਾਲ ਬਾਅਦ ਕੈਨੇਡਾ ਤੋਂ ਝੂੰਦਾਂ ਆਇਆ ਸੀ, ਜੋ ਪਰਮਵੀਰ ਦਾ ਜੱਦੀ ਪਿੰਡ ਵੀ ਹੈ | ਡਾ. ਗੁਰਮੀਤ ਕੌਰ, ਡਾ. ਬਿੰਦਰ ਸਿੰਘ ਭੁਮਸੀ, ਪ੍ਰੋ ਗੁਰਜੀਤ ਸਿੰਘ, ਕਹਾਣੀਕਾਰ ਰੁਪਿੰਦਰ ਸਿੰਘ ਰੁਪਾਲ, ਮਾਸਟਰ ਬਲਤੇਜ ਸਿੰਘ, ਮਿੰਟੂ ਮਸੀਹ, ਰਵੀ ਝੂੰਦਾਂ, ਸਰਪੰਚ ਸੁਖਚੈਨ ਸਿੰਘ ਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੇ ਸਵਾਲਾਂ ਜਵਾਬਾਂ ਦੀ ਲੜੀ ਵਿੱਚ ਵਕਤ ਤੇਜ਼ੀ ਨਾਲ ਬੀਤ ਰਿਹਾ ਸੀ | ਮਨਪ੍ਰੀਤ ਕੌਰ ਢੀਂਡਸਾ, ਮਨਜੀਤ ਕੌਰ ਸੰਧੂ, ਕਿਰਨਜੀਤ ਕੌਰ ਸੰਧੂ, ਡਾ. ਜਗਮੋਹਨ ਸਿੰਘ, ਮਾਸਟਰ ਜਗਸੀਰ ਸਿੰਘ ਤੇ ਹਰਜੀਤ ਸਿੰਘ ਰੁਪਈਆਂ ਵਾਲਾ ਸਮੇਤ ਹਾਜ਼ਰ ਮੰਚ ਮੈਂਬਰਾਂ ਦੀਆਂ ਖ਼ੂਬਸੂਰਤ ਕਵਿਤਾਵਾਂ ਵਿਚ ਰੰਗਿਆ ਸਮਾਗਮ ਸਮਾਪਤ ਹੋ ਗਿਆ | ਅਖੀਰ ਵਿੱਚ ਮੰਚ ਵੱਲੋਂ ਸ਼ਾਇਰ ਪਰਮਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦਾ ਮੰਚ ਸੰਚਾਲਨ ਕਹਾਣੀਕਾਰ ਜਤਿੰਦਰ ਹਾਂਸ ਨੇ ਦਿਲਕਸ਼ ਅੰਦਾਜ਼ ਵਿੱਚ ਕੀਤਾ |