07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਨਿਰੰਤਰ ਸਪਲਾਈ ਦੇਣ ’ਚ ਫ਼ੇਲ੍ਹ ਹੋਈ ਸਰਕਾਰ

ਅਜੀਤ ਡੈਸਕ 21-07-2026
ਮੋਗਾ, 20 ਜੁਲਾਈ (/ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਤ ਦੀ ਗਰਮੀ ਵਿਚ ਬਿਜਲੀ ਦੀ ਨਿਰੰਤਰ ਸਪਲਾਈ ਦੇਣ ਵਿਚ ਫ਼ੇਲ੍ਹ ਹੋ ਗਈ ਹੈ। ਆਪ ਸਰਕਾਰ ਅਤੇ ਲਗਾਤਾਰ ਲੱਗ ਰਹੇ ਅਣ ਐਲਾਨੇ ਕੱਟਾਂ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ ਅਤੇ ਖ਼ਾਸ ਕਰ ਕੇ ਬਜ਼ੁਰਗ ਅਤੇ ਬੱਚੇ ਹਾਲੋਂ ਬੇਹਾਲ ਹੋਏ ਪਏ ਹਨ। ਇਸ ਅਣ ਐਲਾਨੇ ਕੱਟਾਂ ਨਾਲ ਆਮ ਲੋਕਾਂ ਦਾ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਬਿਜਲੀ ਦਾ ਕਿਸੇ ਟਾਈਮ ਵੀ ਚਲੇ ਜਾਣਾ ਅਤੇ ਬਿਜਲੀ ਕਦੋਂ ਆਵੇਗੀ ਖਪਤਕਾਰਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਇਹ ਮਾਜਰਾ ਦਿਨ ਵੇਲੇ ਦਾ ਹੀ ਨਹੀਂ ਸਗੋਂ ਰਾਤ ਨੂੰ ਵੀ ਲੋਕ ਰਾਤਾਂ ਜਾਗ ਕੇ ਪੱਖੀਆਂ ਝੱਲਣ ਲਈ ਮਜਬੂਰ ਹਨ। ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਵੀ ਫ਼ੂਕ ਨਿਕਲ ਗਈ ਹੈ ਜਦੋਂ ਸਰਕਾਰ ਆਖਦੀ ਸੀ ਕਿ ਆਮ ਲੋਕਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਨੇ ਇਹ ਦਾਅਵਾ ਵੀ ਜਿਤਾਇਆ ਸੀ ਕਿ ਸਰਕਾਰ ਵਲੋਂ ਕਿਸਾਨਾਂ ਨੂੰ ਦਿਨ ਅਤੇ ਰਾਤ ਨੂੰ ਅੱਠ ਅੱਠ ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਪਾਲਣ ਲਈ ਲੋੜੀਂਦਾ ਪਾਣੀ ਨਾ ਮਿਲਣ ਕਰ ਕੇ ਝੋਨੇ ਦੀ ਫ਼ਸਲ ਸੁੱਕਣ ਦੀ ਕਾਗਾਰ ‘’ਤੇ ਖੜ੍ਹੀ ਹੈ ਅਤੇ ਝੋਨੇ ਦੇ ਖੇਤਾਂ ਵਿਚ ਪਾਣੀ ਨਾ ਮਿਲਣ ਕਰ ਕੇ ਪਈਆਂ ਤਰੇੜਾਂ ਆਮ ਵੇਖੀਆਂ ਜਾ ਸਕਦੀਆਂ ਹਨ।
-ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੂਬਾ ਹੋਇਆ ਸੀ ਬਿਜਲੀ ਸਰਪਲੱਸ-ਸਨੀ ਗਿੱਲ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਸਰਕਾਰ ਬਿਜਲੀ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਜਨ ਹਿਤ ਅਤੇ ਝੋਨੇ ਦੀ ਫ਼ਸਲ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਅਗਾਊਂ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਆਪਣੀ ਦੂਰ-ਅੰਦੇਸ਼ੀ ਸੋਚ ਸਦਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਰਮੀ ਅਤੇ ਝੋਨੇ ਦੀ ਫ਼ਸਲ ਲਗਾਉਣ ਤੋਂ ਪਹਿਲਾਂ ਹੀ ਵਿਭਾਗ ਨਾਲ ਮੀਟਿੰਗਾਂ ਕਰ ਕੇ ਸਾਰਾ ਜਾਇਜ਼ਾ ਲੈ ਕੇ ਅਗਾਊਂ ਪ੍ਰਬੰਧ ਕਰਦੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਝਮੱਕਾ ਤੱਕ ਨਹੀਂ ਸੀ ਮਾਰਦੀ ਅਤੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਂਦੀ ਰਹੀ ਅਤੇ ਇਹ ਸਿਹਰਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ ਹੈ ਕਿ ਪੂਰੇ ਦੇਸ਼ ਵਿਚੋਂ ਪੰਜਾਬ ਪਹਿਲਾਂ ਬਿਜਲੀ ਸਰਪਲੱਸ ਸੂਬਾ ਬਣਿਆ ਸੀ ਪਰ ਉਸ ਤੋਂ ਬਾਅਦ ਬਿਜਲੀ ਵਿਭਾਗ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਡਾਵਾਂਡੋਲ ਹੋ ਗਿਆ।
-ਸਰਕਾਰ ਦੇ ਨਿਕੰਮੇ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਹੈ ਬਿਜਲੀ ਦੇ ਲੱਗ ਰਹੇ ਲੰਮੇ ਕੱਟ-ਐਡਵੋਕੇਟ ਰਵੀ ਗਰੇਵਾਲ
ਬਿਜਲੀ ਦੇ ਲਗਾਤਾਰ ਲੱਗ ਰਹੇ ਕੱਟਾਂ ਨਾਲ ਆਪ ਦੀ ਭਗਵੰਤ ਮਾਨ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਕਿਉਂਕਿ ਸਰਕਾਰ ਝੋਨੇ ਦੀ ਲਵਾਈ ਅਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਬਿਜਲੀ ਦੇ ਵਿਆਪਕ ਪ੍ਰਬੰਧ ਨਹੀਂ ਕਰ ਸਕੀ ਜਿਸ ਦਾ ਖ਼ਮਿਆਜ਼ਾ ਆਮ ਲੋਕ ਤੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਧਰਮਕੋਟ ਦੇ ਸੇਵਾਦਾਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਬਿਜਲੀ ਮੁਲਾਜ਼ਮਾਂ ਦੀ ਘਾਟ ਅਤੇ ਬਿਜਲੀ ਉਤਪਾਦਨ ਲਈ ਸੋਰਸ ਨਹੀਂ ਜੁਟਾਏ ਗਏ ਤੇ ਹਾਲਾਤ ਇਹ ਹਨ ਕਿ ਸਰਕਾਰ ਕੋਲ ਬਿਜਲੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣੀਆਂ ਵੀ ਔਖੀਆਂ ਹੋਈਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਕਰਜ਼ਾ ਲੈ ਕੇ ਡੰਗ ਟਪਾਉਣ ਵਾਲੀ ਸਰਕਾਰ ਡੀਂਗਾਂ ਵੱਧ ਮਾਰਦੀ ਰਹੀ ਅਤੇ ਅਸਲ ਹਕੀਕਤ ਇਹ ਰਹੀ ਕਿ ਸੂਬੇ ਦਾ ਪੈਸਾ ਦਿੱਲੀ ਵਾਲੇ ਲੁੱਟ ਕੇ ਲੈ ਗਏ ਤੇ ਸਰਕਾਰੀ ਵਿਭਾਗ ਖੋਖਲੇ ਹੋ ਗਏ। ਰਵੀ ਗਰੇਵਾਲ ਨੇ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਲੋਕ ਸਰਕਾਰ ਵਿਰੁੱਧ ਸੰਘਰਸ਼ ਦੇ ਰਾਹ ਤੁਰਨਗੇ।
ਪਿਛਲੀ ਖ਼ਬਰ ਬੀ.ਕੇ.ਯੂ. ਖੋਸਾ ਦੇ ਮੈਂਬਰ ਅੱਜ ਵੱਡੀ ਗਿਣਤੀ ’ਚ ਦਿੱਲੀ ਪੁੱਜਣਗੇ-ਖੋਸਾ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਵਾਰਡ ਨੰਬਰ 32 ’ਚ ਸੜਕ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਕੀਤਾ ਸ਼ੁੱਭ ਅਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।