05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਬਰੈਂਪਟਨ ਵਿਖੇ ਮੱਖਣ ਬਰਾੜ ਨੇ ਕੈਨੇਡਾ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਅਜੀਤ ਡੈਸਕ 28-06-2026
ਮੋਗਾ, 27 ਜੂਨ (ਸੁਰਿੰਦਰਪਾਲ ਸਿੰਘ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਧਰਮਕੋਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਮੈਂਬਰ ਪਾਰਲੀਮੈਂਟ ਬਰੈਂਪਟਨ ਵੈਸਟ ਅਮਰਜੀਤ ਸਿੰਘ ਗਿੱਲ, ਬਰੈਂਪਟਨ ਵੈਸਟ ਤੋਂ ਵਿਧਾਇਕ ਅਮਰਜੋਤ ਸਿੰਘ ਸੰਧੂ ਅਤੇ ਬਰੈਂਪਟਨ ਈਸਟ ਤੋਂ ਵਿਧਾਇਕ ਹਰਦੀਪ ਸਿੰਘ ਗਰੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਬਹੁਤ ਹੀ ਸੁਖਾਵੇਂ ਅਤੇ ਆਪਸੀ ਸਦਭਾਵਨਾ ਭਰੇ ਮਾਹੌਲ ਵਿਚ ਹੋਈ ਜਿਸ ਦੌਰਾਨ ਪੰਜਾਬ ਅਤੇ ਪ੍ਰਵਾਸੀ ਪੰਜਾਬੀ ਭਾਈਚਾਰੇ ਨਾਲ ਜੁੜੇ ਅਹਿਮ ਮਸਲਿਆਂ ਉੱਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੁਲਾਕਾਤ ਦੌਰਾਨ ਪੰਜਾਬ ਦੀ ਮੌਜੂਦਾ ਸੂਰਤ-ਏ-ਹਾਲ, ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੇ ਯੋਗਦਾਨ, ਨੌਜਵਾਨਾਂ ਦੇ ਭਵਿੱਖ ਅਤੇ ਕੈਨੇਡਾ ਦੀ ਬਹੁ ਸਭਿਆਚਾਰਕ ਸੋਚ ਸਬੰਧੀ ਵਿਚਾਰਾਂ ਦੀ ਸਾਂਝ ਪਾਈ ਗਈ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਸਮਰਪਣ ਸਦਕਾ ਹਰ ਖੇਤਰ ਵਿਚ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਕੈਨੇਡਾ ਦੀ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਤਰੱਕੀ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਇਹ ਭਾਈਚਾਰਾ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਵੀ ਕਰ ਰਿਹਾ ਹੈ। ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਹੋਰਨਾਂ ਆਗੂਆਂ ਨੇ ਵੀ ਪੰਜਾਬੀ ਭਾਈਚਾਰੇ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਨੇਡਾ ਦੀ ਤਰੱਕੀ ਵਿਚ ਪ੍ਰਵਾਸੀ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਦਾ ਯੋਗਦਾਨ ਬੇਹੱਦ ਅਹਿਮ ਹੈ। ਉਨ੍ਹਾਂ ਕਿਹਾ ਕਿ ਬਹੁ ਸਭਿਆਚਾਰਕ ਸਮਾਜ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ ਜਿੱਥੇ ਹਰ ਭਾਈਚਾਰੇ ਨੂੰ ਬਰਾਬਰ ਦਾ ਸਤਿਕਾਰ ਅਤੇ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬੀ ਭਾਈਚਾਰੇ ਦੇ ਹਿਤਾਂ ਅਤੇ ਭਲਾਈ ਲਈ ਸਰਕਾਰ ਹਮੇਸ਼ਾ ਸਕਾਰਾਤਮਿਕ ਸੋਚ ਨਾਲ ਕੰਮ ਕਰਦੀ ਰਹੇਗੀ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਅਜਿਹੀਆਂ ਮੁਲਾਕਾਤਾਂ ਆਪਸੀ ਰਾਬਤੇ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ ਅਤੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਉਠਾਉਣ ਦਾ ਵੀ ਮੌਕਾ ਮਿਲਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਪੰਜਾਬ ਅਤੇ ਕੈਨੇਡਾ ਦਰਮਿਆਨ ਸਾਂਝ, ਸਹਿਯੋਗ ਅਤੇ ਭਾਈਚਾਰਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
ਪਿਛਲੀ ਖ਼ਬਰ ਗੁਰੂ ਸਾਹਿਬਾਨਾਂ ਦੀ ਬੇਅਦਬੀ ਕਰ ਕੇ ਮੁੱਖ ਮੰਤਰੀ ਨੇ ਸਾਬਤ ਕੀਤਾ ਕਿ ਉਹ ਸਿੱਖ ਵਿਰੋਧੀ ਹਨ-ਰਵੀ ਗਰੇਵਾਲ ਅਗਲੀ ਖ਼ਬਰ ਨਸ਼ਿਆਂ ਦੀ ਦੁਰਵਰਤੋਂ ਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਸਿਹਤ ਵਿਭਾਗ ਮੋਗਾ ਨੇ ਜਾਗਰੂਕਤਾ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।